ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਓਵਲ ਦਫਤਰ ''ਚ ਟਰੰਪ ਨਾਲ ਕੀਤੀ ਮੁਲਾਕਾਤ

02/07/2020 10:44:37 AM

ਵਾਸ਼ਿੰਗਟਨ— ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਸਥਿਤ ਉਨ੍ਹਾਂ ਦੇ ਓਵਲ ਦਫਤਰ 'ਚ ਆਪਣਾ ਪਛਾਣ ਪੱਤਰ ਸੌਂਪਿਆ। ਓਵਲ ਦਫਤਰ 'ਚ ਵੀਰਵਾਰ ਨੂੰ ਪਛਾਣ ਪੱਤਰ ਸੌਂਪੇ ਜਾਣ ਲਈ ਆਯੋਜਿਤ ਪ੍ਰੋਗਰਾਮ 'ਚ ਟਰੰਪ ਨੇ ਸੰਧੂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਅਮਰੀਕਾ 'ਚ ਭਾਰਤ ਦੇ ਰਾਜਦੂਤ ਦੇ ਤੌਰ 'ਤੇ ਨਵੀਂਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਭਾਰਤੀ ਅੰਬੈਸੀ ਦੇ ਇਕ ਬਿਆਨ 'ਚ ਕਿਹਾ,''ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਵਿਚਕਾਰ ਕਈ ਵਾਰ ਹੋਈਆਂ ਵਾਰਤਾਵਾਂ ਨੂੰ ਵੀ ਯਾਦ ਕੀਤਾ।''
ਬਿਆਨ 'ਚ ਕਿਹਾ ਗਿਆ ਹੈ ਕਿ ਸੰਧੂ ਨੇ ਟਰੰਪ ਅਤੇ ਫਸਟ ਲੇਡੀ ਦਾ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਸੰਧੂ ਨੇ ਕਿਹਾ ਕਿ ਪਿਛਲੇ ਤਿੰਨ ਸਾਲ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਸੋਚ ਅਤੇ ਮਾਰਗਦਰਸ਼ਨ ਕਾਰਨ ਭਾਰਤ ਅਤੇ ਅਮਰੀਕਾ ਦੇ ਰਣਨੀਤਕ ਸਬੰਧ ਹੋਰ ਮਜ਼ਬੂਤ ਹੋਏ ਹਨ।
ਮੀਡੀਆ 'ਚ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤੀ ਦੂਤਘਰ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਉਸ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ, ਜੋ ਆਪਸੀ ਵਿਸ਼ਵਾਸ ਅਤੇ ਮਿੱਤਰਤਾ, ਲੋਕਤੰਤਰੀ ਮੁੱਲਾਂ ਅਤੇ ਲੋਕਾਂ ਵਿਚਕਾਰ ਆਪਸੀ ਸਬੰਧਾਂ 'ਤੇ ਆਧਾਰਿਤ ਹੈ। ਦੱਖਣ ਅਤੇ ਮੱਧ ਏਸ਼ੀਆ ਦੇ ਮਾਮਲਿਆਂ ਲਈ ਅਮਰੀਕਾ ਦੀ ਕਾਰਜਵਾਹਕ ਸਹਾਇਤਾ ਮੰਤਰੀ ਐਲਿਸ ਜੀ. ਵੇਲਜ਼ ਨੇ ਟਵੀਟ ਕੀਤਾ,''ਅਮਰੀਕਾ 'ਚ ਭਾਰਤ ਦੇ ਨਵੇਂ ਅੰਬੈਸਡਰ ਤਰਨਜੀਤ ਸਿੰਘ ਸੰਧੂ ਦਾ ਸਵਾਗਤ ਹੈ। ਅੰਬੈਸਡਰ ਸੰਧੂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੇ ਮਜ਼ਬੂਤ ਸਮਰਥਕ ਹਨ। ਉਨ੍ਹਾਂ ਦਾ ਰਿਕਾਰਡ ਅਤੇ ਵਿਸ਼ਾਲ ਅਨੁਭਵ ਸਾਡੀ ਸਾਂਝੇਦਾਰੀ ਦੇ ਭਵਿੱਖ ਲਈ ਲਾਭਕਾਰੀ ਹੋਵੇਗਾ। ਵਾਸ਼ਿੰਗਟਨ 'ਚ ਫਿਰ ਤੋਂ ਸਵਾਗਤ ਹੈ।''

ਇਸ ਦੇ ਜਵਾਬ 'ਚ ਸੰਧੂ ਨੇ ਟਵੀਟ ਕੀਤਾ,''ਧੰਨਵਾਦ ਐਲਿਸ ਵੇਲਜ਼। ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨ ਨੂੰ ਲੈ ਕੇ ਮੈਂ ਉਤਸ਼ਾਹਿਤ ਹਾਂ।'' ਭਾਰਤੀ ਵਿਦੇਸ਼ ਸੇਵਾ ਦੇ 1988 ਬੈਚ ਦੇ ਅਧਿਕਾਰੀ ਸੰਧੂ ਇਸ ਤੋਂ ਪਹਿਲਾਂ ਸ਼੍ਰੀਲੰਕਾ 'ਚ ਭਾਰਤ ਅੰਬੈਸਡਰ ਸਨ। ਉਨ੍ਹਾਂ ਨੇ ਹਰਸ਼ਵਰਧਨ ਸ਼੍ਰਿੰਗਲਾ ਦਾ ਸਥਾਨ ਲਿਆ ਹੈ, ਜਿਨ੍ਹਾਂ ਨੂੰ ਹਾਲ 'ਚ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਹਾਈ ਪ੍ਰੋਫਾਇਲ ਅਹੁਦੇ 'ਤੇ ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ 'ਚ ਕੀਤੀ ਗਈ ਹੈ ਜਦ ਭਾਰਤ-ਅਮਰੀਕੀ ਦੇ ਵਿਚਕਾਰ ਹਿੱਸੇਦਾਰੀ ਵਧ ਰਹੀ ਹੈ ਅਤੇ ਅਮਰੀਕਾ ਵਲੋਂ ਈਰਾਨ ਦਾ ਉੱਚ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦੇ ਬਾਅਦ ਖਾੜੀ ਖੇਤਰ 'ਚ ਤਣਾਅ ਵਧਿਆ ਹੈ।


Related News