ਘਰ ’ਚ ਲੱਗੀ ਅੱਗ, ਕੁੱਤੇ ਨੇ ਬਚਾਈ ਪੂਰੇ ਪਰਿਵਾਰ ਦੀ ਜਾਨ
Thursday, Sep 10, 2020 - 08:29 AM (IST)
ਅਲਬਾਮਾ, (ਏ. ਪੀ.)–ਅਲਬਾਮਾ ’ਚ ਰਹਿਣ ਵਾਲੇ ਇਕ ਪਰਿਵਾਰ ਦੀ ਜਾਨ ਉਸ ਸਮੇਂ ਵਾਲ-ਵਾਲ ਬਚ ਗਈ ਜਦੋਂ ਉਨ੍ਹਾਂ ਦੇ ਕੁੱਤੇ ਨੇ ਰਾਤ ਦੇ ਸਮੇਂ ਲਗਾਤਾਰ ਭੌਂਕ ਕੇ ਪਰਿਵਾਰ ਨੂੰ ਜਗਾ ਦਿੱਤਾ ਅਤੇ ਪਰਿਵਾਰ ਨੇ ਦੇਖਿਆ ਕਿ ਉਨ੍ਹਾਂ ਦਾ ਪੂਰਾ ਘਰ ਅੱਗ ਦੀ ਲਪੇਟ ’ਚ ਹੈ। ਇਕ ਵੈੱਬਸਾਈਟ ਮੁਤਾਬਕ ਬਰਮਿੰਘਮ ਹੋਮ ’ਚ ਰਹਿਣ ਵਾਲੇ ਡੇਰੇਕ ਵਾਕਰ ਨੇ ਦੱਸਿਆ ਕਿ ਕੁੱਤਾ ‘ਰਾਫ’ ਆਮ ਤੌਰ ’ਤੇ ਰਾਤ ਦੇ ਸਮੇਂ ਨਹੀਂ ਭੌਂਕਦਾ, ਇਸ ਲਈ ਜਦੋਂ ਰਾਤ ਦੇ ਸਮੇਂ ਰਾਲਫ ਨੇ ਅਜੀਬ ਆਵਾਜ਼ ’ਚ ਭੌਂਕਣਾ ਸ਼ੁਰੂ ਕੀਤਾ ਤਾਂ ਉਹ ਦੇਖਣ ਲਈ ਉੱਠੇ ਕਿ ਕੀ ਹੋ ਗਿਆ ਹੈ।
ਵਾਕਰ ਨੇ ਦੱਸਿਆ ਕਿ ਉੱਠਣ ’ਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਰਸੋਈ ਦੀ ਖਿੜਕੀ ’ਚ ਅੱਗ ਲੱਗੀ ਹੈ। ਨਾਰਥ ਸ਼ੇਲਬਾਈ ਫਾਇਰ ਬ੍ਰਿਗੇਡ ਦੇ ਬਟਾਲੀਅਨ ਮੁਖੀ ਰਾਬਰਟ ਲਾਸਨ ਨੇ ਦੱਸਿਆ ਕਿ ਅੱਗ ਗ੍ਰਿਲ ਨਾਲ ਹੋ ਕੇ ਪੂਰੇ ਘਰ ’ਚ ਫੈਲ ਰਹੀ ਸੀ। ਵਾਕਰ ਨੇ ਕਿਹਾ,‘‘ਮੈਂ ਜ਼ੋਰ ਨਾਲ ਚੀਕਿਆ ‘ਅੱਗ’ ਅਤੇ ਸਾਰੇ ਲੋਕ ਉੱਠ ਗਏ। ਮੇਰੀ ਪਤਨੀ ਉਠ ਗਈ ਅਤੇ ਉਸ ਨੇ ਬੇਟੀਆਂ ਨੂੰ ਉਠਾਇਆ ਅਤੇ ਉਨ੍ਹਾਂ ਨੂੰ ਲੈ ਕੇ ਬਾਹਰ ਨਿਕਲ ਗਈ।
ਵਾਕਰ ਸਭ ਦੀ ਜਾਨ ਬਚਾਉਣ ਵਾਲੇ ਰਾਲਫ ਨੂੰ ਬਾਹਰ ਕੱਢਣ ਲਈ ਘਰ ਦੇ ਅੰਦਰ ਗਏ। ਉਨ੍ਹਾਂ ਦੇ ਘਰ ’ਚ ਦੋ ਛੋਟੇ ਸੂਰ ਵੀ ਸਨ। ਉਨ੍ਹਾਂ ਨੇ ਕਿਹਾ ਕਿ ਰਾਲਫ ਅਤੇ ਇਕ ਸੂਰ ਨੂੰ ਉਹ ਬਾਹਰ ਕੱਢ ਲਿਆਏ ਪਰ ਦੂਜੇ ਸੂਰ ਨੇ ਦਮ ਤੋੜ ਦਿੱਤਾ। ਅੱਗ ਨਾਲ ਘਰ ਨੂੰ ਭਾਰੀ ਨੁਕਸਾਨ ਪੁੱਜਾ ਹੈ ਪਰ ਵਾਕਸ ਇਸ ਗੱਲ ਤੋਂ ਖੁਸ਼ ਹੈ ਕਿ ਪੂਰਾ ਪਰਿਵਾਰ ਸੁਰੱਖਿਅਤ ਹੈ ਅਤੇ ਉਹ ਵੀ ਚਾਰ ਸਾਲ ਦੇ ਕੁੱਤੇ ਰਾਲਫ ਦੀ ਬਦੌਲਤ।