ਅਮਰੀਕਾ: ਤਕਰੀਬਨ ਇੱਕ ਮਹੀਨੇ ਬਾਅਦ ਵੀ ਡਿਕਸੀ ਫਾਇਰ ਮਚਾ ਰਹੀ ਹੈ ਤਬਾਹੀ

Monday, Aug 16, 2021 - 01:02 AM (IST)

ਅਮਰੀਕਾ: ਤਕਰੀਬਨ ਇੱਕ ਮਹੀਨੇ ਬਾਅਦ ਵੀ ਡਿਕਸੀ ਫਾਇਰ ਮਚਾ ਰਹੀ ਹੈ ਤਬਾਹੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਉੱਤਰੀ ਕੈਲੀਫੋਰਨੀਆ ਦੇ ਜੰਗਲੀ ਖੇਤਰਾਂ ਵਿੱਚ ਤਕਰੀਬਨ ਇੱਕ ਮਹੀਨੇ ਪੁਰਾਣੀ ਜੰਗਲ ਦੀ ਅੱਗ ਤਬਾਹੀ ਮਚਾ ਰਹੀ ਹੈ। ਇਹ ਅੱਗ ਛੋਟੇ ਸ਼ਹਿਰਾਂ ਵੱਲ ਵਧ ਰਹੀ ਹੈ ਅਤੇ ਹਜ਼ਾਰਾਂ ਘਰਾਂ ਲਈ ਤਬਾਹੀ ਦਾ ਖਦਸ਼ਾ ਹੋਰ ਵਧ ਗਿਆ ਹੈ। 6,000 ਤੋਂ ਵੱਧ ਫਾਇਰ ਫਾਈਟਰ ਇਕੱਲੀ ਡਿਕਸੀ ਫਾਇਰ ਨੂੰ ਬੁਝਾਉਣ ਲਈ ਲੜ ਰਹੇ ਕਨ, ਜਿਸ ਨਾਲ 1,000 ਤੋਂ ਵੱਧ ਘਰ, ਕਾਰੋਬਾਰ ਅਤੇ ਹੋਰ ਢਾਂਚੇ ਤਬਾਹ ਹੋ ਗਏ ਹਨ।

ਇਹ ਵੀ ਪੜ੍ਹੋ : ਜੋਅ ਬਾਈਡੇਨ ਨੇ ਭੂਚਾਲ ਨਾਲ ਪ੍ਰਭਾਵਿਤ ਹੈਤੀ ਲਈ ਤੁਰੰਤ ਸਹਾਇਤਾ ਦਾ ਦਿੱਤਾ ਭਰੋਸਾ

ਅੱਗ ਬੁਝਾਊ ਕਰਮਚਾਰੀ ਡਿਕਸੀ ਫਾਇਰ ਨੂੰ ਅਲਮਨੋਰ ਝੀਲ ਦੇ ਪੂਰਬ ਵੱਲ ਵੈਸਟਵੁੱਡ ਤੱਕ ਪਹੁੰਚਣ ਤੋਂ ਰੋਕਣ ਲਈ ਜੱਦੋ-ਜ਼ਹਿਦ ਕਰ ਰਹੇ ਹਨ। ਜਿਸ ਲਈ ਅੱਗ ਦੇ ਰਾਸਤੇ 'ਚ ਰੁਕਾਵਟ ਪੈਦਾ ਕਰਨ ਲਈ  ਬਲਡੋਜ਼ਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਲਮਾਸ ਕਾਉਂਟੀ ਦੇ ਸ਼ੈਰਿਫ ਦਫਤਰ ਅਨੁਸਾਰ ਇਸ ਅੱਗ ਕਾਰਨ ਗ੍ਰੀਨਵਿਲੇ ਅਤੇ ਚੈਸਟਰ ਦੇ ਖੇਤਰਾਂ 'ਚ ਚਾਰ ਲੋਕ ਲਾਪਤਾ ਵੀ ਹੋਏ ਹਨ । ਡਿਕਸੀ ਅੱਗ ਕਾਰਨ ਪਲਮਾਸ ਕਾਉਂਟੀ 'ਚ ਸ਼ੁੱਕਰਵਾਰ ਨੂੰ ਹੋਰ ਘਰਾਂ ਨੂੰ ਛੱਡਣ ਦੇ ਆਦੇਸ਼ ਜਾਰੀ ਕੀਤੇ ਗਏ।

ਇਹ ਵੀ ਪੜ੍ਹੋ : ਹੈਤੀ 'ਚ ਭੂਚਾਲ ਤੋਂ ਬਾਅਦ ਵੱਡੀ ਤਬਾਹੀ, 724 ਲੋਕਾਂ ਦੀ ਹੋਈ ਮੌਤ

13 ਜੁਲਾਈ ਨੂੰ ਸ਼ੁਰੂ ਹੋਈ ਡਿਕਸੀ ਫਾਇਰ ਨੇ 800 ਸਕੁਏਰ ਮੀਲ ਤੋਂ ਵੱਧ ਥਾਂ ਨੂੰ ਤਬਾਹ ਕਰ ਦਿੱਤਾ ਹੈ । ਇਸ ਤਬਾਹੀ ਦੇ ਇਲਾਵਾ ਨੈਸ਼ਨਲ ਇੰਟੈਰੇਜੈਂਸੀ ਫਾਇਰ ਸੈਂਟਰ ਦੇ ਅਨੁਸਾਰ, ਨੇੜਲੇ ਖੇਤਰਾਂ 'ਚ ਹਵਾ ਦੀ ਗੁਣਵੱਤਾ ਵੀ ਅੱਗ ਦੇ ਧੂੰਏਂ ਕਾਰਨ ਸਿਹਤ ਲਈ ਹਾਨੀਕਾਰਕ ਬਣੀ ਹੋਈ ਹੈ। ਅਮਰੀਕਾ ਦੇ ਪੱਛਮੀ ਰਾਜਾਂ 'ਚ ਸੋਕੇ ਅਤੇ ਗਰਮ ਮੌਸਮ ਦੌਰਾਨ 100 ਤੋਂ ਵੱਧ ਵੱਡੀਆਂ ਜੰਗਲਾਂ ਦੀਆਂ ਅੱਗਾਂ ਨੇ ਜੰਗਲਾਂ, ਘਾਹ ਦੇ ਮੈਦਾਨਾਂ ਅਤੇ ਚਰਾਗਾਹਾਂ ਨੂੰ ਸਾੜ ਦਿੱਤਾ ਹੈ। ਯੂ.ਐੱਸ. ਫੌਰੈਸਟ ਸਰਵਿਸ ਸੰਕਟ ਮੋਡ 'ਚ ਕੰਮ ਕਰ ਰਹੀ ਹੈ ਅਤੇ ਪੂਰੀ ਸਮਰੱਥਾ ਨਾਲ ਫਾਇਰ ਫਾਈਟਰਜ਼ ਨੂੰ ਤਾਇਨਾਤ ਕਰ ਰਹੀ ਹੈ। ਵਿਗਿਆਨੀਆਂ ਦੇ ਅਨੁਸਾਰ ਜਲਵਾਯੂ ਤਬਦੀਲੀ ਨੇ ਯੂ.ਐੱਸ. ਦੇ ਪੱਛਮੀ ਖੇਤਰਾਂ ਨੂੰ ਪਿਛਲੇ 30 ਸਾਲਾਂ 'ਚ ਗਰਮ ਅਤੇ ਸੁੱਕਾ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਗ੍ਰੀਸ ਸਮੇਤ ਯੂਰਪ 'ਚ ਵੀ ਦਰਜਨਾਂ ਜੰਗਲੀ ਅੱਗਾਂ ਨੇ ਜੰਗਲਾਂ ਨੂੰ ਤਬਾਹ ਅਤੇ ਘਰਾਂ ਨੂੰ ਸਾੜ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News