ਮਹਾਰਾਜਾ ਚਾਰਲਸ ਨਾਲ ਮੁਲਾਕਾਤ ਮਗਰੋਂ ਸੁਨਕ ਅੱਜ ਹੀ ਲੈਣਗੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ

Tuesday, Oct 25, 2022 - 12:01 PM (IST)

ਮਹਾਰਾਜਾ ਚਾਰਲਸ ਨਾਲ ਮੁਲਾਕਾਤ ਮਗਰੋਂ ਸੁਨਕ ਅੱਜ ਹੀ ਲੈਣਗੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ

ਲੰਡਨ (ਭਾਸ਼ਾ)- ਬ੍ਰਿਟੇਨ ਦੀ ਲੀਡਰਸ਼ਿਪ ਦੀ ਇਤਿਹਾਸਕ ਦੌੜ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਆਗੂ ਚੁਣੇ ਗਏ ਰਿਸ਼ੀ ਸੁਨਕ ਮੰਗਲਵਾਰ ਨੂੰ ਮਹਾਰਾਜਾ ਚਾਰਲਸ ਤੀਜੇ ਨਾਲ ਮੁਲਾਕਾਤ ਕਰਕੇ ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਮੰਗਲਵਾਰ ਸਵੇਰੇ 10 ਡਾਊਨਿੰਗ ਸਟ੍ਰੀਟ ਵਿਖੇ ਆਪਣੀ ਆਖਰੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰੇਗੀ, ਇਸ ਮਗਰੋਂ ਉਹ 73 ਸਾਲਾ ਮਹਾਰਾਜਾ ਨੂੰ ਰਸਮੀ ਤੌਰ 'ਤੇ ਆਪਣਾ ਅਸਤੀਫਾ ਸੌਂਪਣ ਲਈ ਬਕਿੰਘਮ ਪੈਲੇਸ ਜਾਵੇਗੀ। ਫਿਰ ਸੁਨਕ (42) ਮਹਾਰਾਜਾ ਨਾਲ ਮੁਲਾਕਾਤ ਲਈ ਮਹਿਲ ਪਹੁੰਚੇਗਾ, ਜੋ ਉਸਨੂੰ ਰਸਮੀ ਤੌਰ 'ਤੇ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰੇਗਾ। 

ਸਾਬਕਾ ਚਾਂਸਲਰ ਸੁਨਕ ਪ੍ਰਧਾਨ ਮੰਤਰੀ ਵਜੋਂ ਆਪਣਾ ਪਹਿਲਾ ਸੰਬੋਧਨ 10 ਡਾਊਨਿੰਗ ਸਟ੍ਰੀਟ ਵਿਖੇ ਦੇਣਗੇ, ਜਿਸ ਵਿੱਚ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਅਤੇ ਧੀਆਂ ਕ੍ਰਿਸ਼ਨਾ ਅਤੇ ਅਨੁਸ਼ਕਾ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸੁਨਕ ਨੇ ਸੋਮਵਾਰ ਨੂੰ ਚੁਣੇ ਗਏ ਪ੍ਰਧਾਨ ਮੰਤਰੀ ਦੇ ਤੌਰ 'ਤੇ ਆਪਣੇ ਪਹਿਲੇ ਸੰਬੋਧਨ 'ਚ ਕਿਹਾ ਕਿ ਬ੍ਰਿਟੇਨ ਇਕ ਮਹਾਨ ਦੇਸ਼ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇਕ ਡੂੰਘੀ ਆਰਥਿਕ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ। ਸੁਨਕ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਆਪਣੇ ਪਹਿਲੇ ਸੰਬੋਧਨ 'ਚ ਕਿਹਾ ਕਿ ਸਾਨੂੰ ਹੁਣ ਸਥਿਰਤਾ ਅਤੇ ਏਕਤਾ ਦੀ ਲੋੜ ਹੈ ਅਤੇ ਮੈਂ ਆਪਣੀ ਪਾਰਟੀ ਅਤੇ ਆਪਣੇ ਦੇਸ਼ ਨੂੰ ਇਕੱਠੇ ਲਿਆਉਣਾ ਆਪਣੀ ਸਰਬਉੱਚ ਤਰਜੀਹ ਬਣਾਵਾਂਗਾ ਕਿਉਂਕਿ ਇਹ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਪਾਰ ਕਰ ਸਕਾਂਗੇ ਅਤੇ ਆਪਣੇ ਬੱਚਿਆਂ ਅਤੇ ਆਉਣ ਵਾਲੀ ਪੀੜ੍ਹੀ ਲਈ ਇੱਕ ਬਿਹਤਰ, ਵਧੇਰੇ ਖੁਸ਼ਹਾਲ ਭਵਿੱਖ ਦੀ ਸਿਰਜਣਾ ਕਰ ਸਕਾਂਗੇ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦਾ PM ਬਣਨ 'ਤੇ ਸੁਨਕ ਨੂੰ ਬਾਈਡੇਨ ਸਮੇਤ ਨਾਰਾਇਣ ਮੂਰਤੀ ਅਤੇ ਮਹਿੰਦਰਾ ਨੇ ਦਿੱਤੀ ਵਧਾਈ

ਟੀਮ ਵਿਚ ਇਹ ਮੈਂਬਰ ਹੋ ਸਕਦੇ ਹਨ ਇਨ ਜਾਂ ਆਊਟ

ਸੁਨਕ ਨੇ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਇਮਾਨਦਾਰੀ ਅਤੇ ਨਿਮਰਤਾ ਨਾਲ ਤੁਹਾਡੀ ਸੇਵਾ ਕਰਾਂਗਾ ਅਤੇ ਬ੍ਰਿਟਿਸ਼ ਲੋਕਾਂ ਲਈ ਦਿਨ ਰਾਤ ਕੰਮ ਕਰਾਂਗਾ। ਸੁਨਕ 210 ਸਾਲਾਂ ਵਿਚ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ਵਾਲਾ ਹੁਣ ਤੱਕ ਦਾ ਸਭ ਤੋਂ ਨੌਜਵਾਨ ਨੇਤਾ ਹੋਵੇਗਾ। ਯੂਕੇ ਦੇ ਸਾਬਕਾ ਵਿੱਤ ਮੰਤਰੀ ਸੁਨਕ (42) ਇੱਕ ਸ਼ਰਧਾਲੂ ਹਿੰਦੂ ਹਨ।ਅੰਗਰੇਜ਼ੀ ਵੈੱਬਸਾਈਟ 'ਦਿ ਸਨ ਯੂਕੇ' ਦੀ ਖ਼ਬਰ ਮੁਤਾਬਕ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵੈਲੇਸ ਦੀ ਛੁੱਟੀ ਹੋ ਸਕਦੀ ਹੈ। ਇੰਨਾ ਹੀ ਨਹੀਂ ਜੈਕਬ ਰੀਸ-ਮੋਗ, ਵੈਂਡੀ ਮੋਰਟਨ ਅਤੇ ਰਾਨਿਲ ਜੈਵਰਧਨਾ ਵੀ ਸੁਨਕ ਮੰਤਰੀ ਮੰਡਲ 'ਚ ਜਗ੍ਹਾ ਬਣਾਉਣ 'ਚ ਅਸਫਲ ਹੋ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਰਿਸ਼ੀ ਸੁਨਕ ਦੁਆਰਾ ਬਰਖਾਸਤ ਕੀਤੇ ਗਏ ਲੋਕਾਂ ਵਿੱਚ ਜੈਕਬ ਰੀਸ-ਮੋਗ ਹਿੱਟ ਲਿਸਟ ਵਿੱਚ ਹਨ। ਰਿਸ਼ੀ ਸੁਨਕ ਆਪਣੇ ਕੁਝ ਵਫ਼ਾਦਾਰਾਂ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਸਕਦੇ ਹਨ।

ਰਿਪੋਰਟ ਮੁਤਾਬਕ ਡੋਮਿਨਿਕ ਰਾਅਬ ਰਿਸ਼ੀ ਸੁਨਕ ਦੀ ਕੈਬਨਿਟ 'ਚ ਸ਼ਾਮਲ ਹੋ ਸਕਦੇ ਹਨ। ਜੇਰੇਮੀ ਹੰਟ ਦੇ ਵੀ ਚਾਂਸਲਰ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਸੁਨਕ ਦੇ ਵਫ਼ਾਦਾਰ ਸਾਜਿਦ ਜਾਵਿਦ, ਮੇਲ ਸਟ੍ਰਾਈਡ ਅਤੇ ਜੌਹਨ ਗਲੇਨ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪੈਨੀ ਮੋਰਡੈਂਟ ਨੂੰ ਵੀ ਸੁਨਕ ਮੰਤਰੀ ਮੰਡਲ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਹੈ। ਨਾਲ ਹੀ, ਸਾਬਕਾ ਸਿਹਤ ਸਕੱਤਰ ਮੈਟ ਹੈਨਕੌਕ ਵੀ ਵਾਪਸ ਆ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਦੁਪਹਿਰ ਤੋਂ ਬਾਅਦ ਇਹ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਸੁਨਾਕ ਮੰਤਰੀ ਮੰਡਲ 'ਚ ਕੌਣ ਹੋਵੇਗਾ ਅਤੇ ਕਿਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News