ਈਰਾਨ ਤੋਂ ਬਾਅਦ ਅਮਰੀਕਾ ਦੇ ਨਿਸ਼ਾਨੇ 'ਤੇ ਇਕ ਹੋਰ ਦੇਸ਼, ਟਰੰਪ ਬੋਲਿਆ- 'ਇਹ ਸਹੀ ਸਮਾਂ ਹੈ'
Tuesday, Mar 17, 2026 - 11:14 AM (IST)
ਵਾਸ਼ਿੰਗਟਨ: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਸੱਤਾ ਤੋਂ ਬੇਦਖ਼ਲ ਕਰਕੇ ਗ੍ਰਿਫ਼ਤਾਰ ਕਰਨ ਅਤੇ ਈਰਾਨ ਵਿਰੁੱਧ ਜੰਗ ਛੇੜਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਇੱਕ ਹੋਰ ਦੇਸ਼ 'ਤੇ ਕਾਰਵਾਈ ਦੀ ਤਿਆਰੀ ਕਰ ਰਹੇ ਹਨ। ਸਰੋਤਾਂ ਅਨੁਸਾਰ ਟਰੰਪ ਨੇ ਹੁਣ ਵਾਮਪੰਥੀ ਦੇਸ਼ ਕਿਊਬਾ 'ਤੇ ਕਬਜ਼ਾ ਕਰਨ ਜਾਂ ਉਸ ਨੂੰ 'ਆਜ਼ਾਦ' ਕਰਾਉਣ ਦੀ ਆਪਣੀ ਯੋਜਨਾ ਜਨਤਕ ਕਰ ਦਿੱਤੀ ਹੈ।
'ਕਿਊਬਾ 'ਤੇ ਕਬਜ਼ਾ ਕਰਨਾ ਮਾਣ ਵਾਲੀ ਗੱਲ'
ਵ੍ਹਾਈਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਕਿਊਬਾ 'ਤੇ ਕਬਜ਼ਾ ਕਰਨ ਦਾ ਸਿਹਰਾ ਲੈਣਾ ਉਨ੍ਹਾਂ ਲਈ ਵੱਡੇ ਸਨਮਾਨ ਦੀ ਗੱਲ ਹੋਵੇਗੀ। ਉਨ੍ਹਾਂ ਕਿਹਾ, "ਮੇਰਾ ਮੰਨਣਾ ਹੈ ਕਿ ਕਿਊਬਾ 'ਤੇ ਕਬਜ਼ੇ ਦਾ ਸਨਮਾਨ ਮੈਂ ਹੀ ਲਵਾਂਗਾ। ਮੈਂ ਕਿਊਬਾ ਨੂੰ ਆਜ਼ਾਦ ਵੀ ਕਰਾ ਸਕਦਾ ਹਾਂ ਅਤੇ ਉਸ 'ਤੇ ਕਬਜ਼ਾ ਵੀ ਕਰ ਸਕਦਾ ਹਾਂ। ਮੈਂ ਇਸ ਨਾਲ ਜੋ ਚਾਹਵਾਂ ਉਹ ਕਰ ਸਕਦਾ ਹਾਂ, ਕਿਉਂਕਿ ਕਿਊਬਾ ਇਸ ਸਮੇਂ ਬਹੁਤ ਕਮਜ਼ੋਰ ਸਥਿਤੀ ਵਿੱਚ ਹੈ"। ਰੰਪ ਮੁਤਾਬਕ ਅਜਿਹਾ ਕਰਨ ਲਈ ਇਹੀ ਸਹੀ ਸਮਾਂ ਹੈ।
ਬਿਜਲੀ ਅਤੇ ਤੇਲ ਸੰਕਟ ਨਾਲ ਜੂਝ ਰਿਹਾ ਕਿਊਬਾ
ਅਮਰੀਕਾ ਵੱਲੋਂ ਲਗਾਈ ਗਈ ਆਰਥਿਕ ਨਾਕੇਬੰਦੀ ਕਾਰਨ ਕਿਊਬਾ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ। ਤੇਲ ਦੀ ਸਪਲਾਈ ਰੁਕਣ ਕਾਰਨ ਉੱਥੋਂ ਦਾ ਪਾਵਰ ਗ੍ਰਿਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਦੇਸ਼ ਦਾ ਵੱਡਾ ਹਿੱਸਾ ਹਨੇਰੇ ਵਿੱਚ ਡੁੱਬਿਆ ਹੋਇਆ ਹੈ। ਅਮਰੀਕੀ ਪ੍ਰਸ਼ਾਸਨ ਕਿਊਬਾ 'ਤੇ ਆਰਥਿਕ ਦਬਾਅ ਬਣਾ ਰਿਹਾ ਹੈ ਤਾਂ ਜੋ ਉਸ ਨੂੰ ਅਮਰੀਕਾ 'ਤੇ ਨਿਰਭਰ ਬਣਾਇਆ ਜਾ ਸਕੇ।
67 ਸਾਲ ਪੁਰਾਣੀ ਸੱਤਾ ਨੂੰ ਹਟਾਉਣ ਦੀ ਕੋਸ਼ਿਸ਼
ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਟਰੰਪ ਪ੍ਰਸ਼ਾਸਨ ਕਿਊਬਾ ਦੇ ਰਾਸ਼ਟਰਪਤੀ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਊਬਾ ਵਿੱਚ ਪਿਛਲੇ 67 ਸਾਲਾਂ ਦੇ ਇੱਕ-ਦਲੀ ਸ਼ਾਸਨ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਇੰਨੇ ਭਾਰੀ ਦਬਾਅ ਹੇਠ ਨਜ਼ਰ ਆ ਰਿਹਾ ਹੈ। ਟਰੰਪ ਨੇ ਆਪਣੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਕਿ ਕਿਊਬਾ ਅਮਰੀਕਾ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ, ਜੋ ਸ਼ਾਇਦ ਈਰਾਨ ਜੰਗ ਤੋਂ ਬਾਅਦ ਸੰਭਵ ਹੋ ਸਕੇ।
ਵੈਨੇਜ਼ੁਏਲਾ 'ਤੇ ਹਮਲੇ ਤੋਂ ਬਾਅਦ ਵਧਿਆ ਤਣਾਅ
ਕਿਊਬਾ ਲਈ ਇਸ ਸੰਕਟ ਦੀ ਸ਼ੁਰੂਆਤ 3 ਜਨਵਰੀ ਤੋਂ ਹੋਈ ਸੀ, ਜਦੋਂ ਅਮਰੀਕਾ ਨੇ ਕਿਊਬਾ ਦੇ ਸਹਿਯੋਗੀ ਦੇਸ਼ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਬੇਦਖ਼ਲ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਫ਼ੌਰਨ ਬਾਅਦ ਅਮਰੀਕਾ ਨੇ ਕਿਊਬਾ ਦੀ ਵੀ ਨਾਕੇਬੰਦੀ ਕਰ ਦਿੱਤੀ, ਜਿਸ ਕਾਰਨ ਉੱਥੇ ਈਂਧਨ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਟਰੰਪ ਦੇ ਇਸ ਹਮਲਾਵਰ ਰੁਖ ਨੇ ਵਿਸ਼ਵ ਭਰ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ, ਕਿਉਂਕਿ ਈਰਾਨ ਅਤੇ ਵੈਨੇਜ਼ੁਏਲਾ ਤੋਂ ਬਾਅਦ ਹੁਣ ਇੱਕ ਹੋਰ ਜੰਗੀ ਮੋਰਚਾ ਖੁੱਲ੍ਹਣ ਦੇ ਸੰਕੇਤ ਮਿਲ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
