ਅਫਗਾਨਿਸਤਾਨ 'ਚ ਆਤਮਘਾਤੀ ਕਾਰ ਬੰਬ ਧਮਾਕਾ, 6 ਪੁਲਸ ਕਰਮਚਾਰੀਆਂ ਦੀ ਮੌਤ
Wednesday, May 30, 2018 - 02:55 PM (IST)

ਕਾਬੁਲ— ਅਫਗਾਨਿਸਤਾਨ ਦੇ ਪੂਰਬੀ ਲੋਗਾਰ ਸੂਬੇ 'ਚ ਬੁੱਧਵਾਰ ਦੀ ਸਵੇਰ ਨੂੰ ਇਕ ਪੁਲਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਗਿਆ, ਜਿਸ 'ਚ 6 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਇਕ ਅਫਗਾਨ ਅਧਿਕਾਰੀ ਨੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਤਾਲਿਬਾਨ ਵਲੋਂ ਕੀਤਾ ਗਿਆ। ਸੂਬਾਈ ਗਵਰਨਰ ਦੇ ਬੁਲਾਰੇ ਖਾਲਿਦ ਸਫੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਪੁਲਸ ਚੌਕੀ ਦਾ ਕਮਾਂਡਰ ਅਤੇ ਲੋਗਾਰ ਦੀ ਰਾਜਧਾਨੀ ਪੁਲੀ ਆਲਿਮ ਸ਼ਹਿਰ ਦੇ ਆਵਾਜਾਈ ਪੁਲਸ ਦੇ ਡਿਪਟੀ ਡਾਇਰੈਕਟਰ ਸ਼ਾਮਲ ਹਨ।
ਸਫੀ ਨੇ ਦੱਸਿਆ ਕਿ ਇਸ ਤੋਂ ਇਲਾਵਾ 12 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 4 ਪੁਲਸ ਕਰਮਚਾਰੀ ਅਤੇ 8 ਆਮ ਨਾਗਰਿਕ ਹਨ। ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਨੇ ਨਹੀਂ ਲਈ ਹੈ, ਹਾਲਾਂਕਿ ਲੋਗਾਰ ਸੂਬੇ ਵਿਚ ਤਾਲਿਬਾਨ ਬਾਗੀ ਸਰਗਰਮ ਹਨ। ਬੁਲਾਰੇ ਨੇ ਦੱਸਿਆ ਕਿ ਇਹ ਆਤਮਘਾਤੀ ਕਾਰ ਬੰਬ ਧਮਾਕਾ ਸੀ। ਇਸ ਤੋਂ ਬਾਅਦ ਦੋ ਹੋਰ ਆਤਮਘਾਤੀ ਬੰਬ ਹਮਲਾਵਰਾਂ ਨੇ ਪੁਲਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ। ਇਸ ਕਾਰ ਬੰਬ ਧਮਾਕੇ ਕਾਰਨ ਲੋਕਾਂ ਦੇ ਘਰਾਂ ਨੂੰ ਨੁਕਸਾਨ ਪੁੱਜਾ।