ਅਫਗਾਨਿਸਤਾਨ : ਰਾਸ਼ਟਰਪਤੀ ਦੀ ਚੋਣ ਰੈਲੀ ਦੌਰਾਨ ਧਮਾਕਾ, 24 ਲੋਕਾਂ ਦੀ ਮੌਤ

Tuesday, Sep 17, 2019 - 03:18 PM (IST)

ਅਫਗਾਨਿਸਤਾਨ : ਰਾਸ਼ਟਰਪਤੀ ਦੀ ਚੋਣ ਰੈਲੀ ਦੌਰਾਨ ਧਮਾਕਾ, 24 ਲੋਕਾਂ ਦੀ ਮੌਤ

ਕਾਬੁਲ (ਏਜੰਸੀ)- ਅਫਗਾਨਿਸਤਾਨ ਵਿਚ ਰਾਸ਼ਟਰਪਤੀ ਅਸ਼ਰਫ ਗਨੀ ਦੀ ਰੈਲੀ ਦੌਰਾਨ ਮੰਗਲਵਾਰ ਨੂੰ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ ਤਕਰੀਬਨ 31 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਇਹ ਧਮਾਕਾ ਰਾਸ਼ਟਰਪਤੀ ਦੀ ਰੈਲੀ ਵਿਚ ਸ਼ਾਮਲ ਇਕ ਪੁਲਸ ਦੀ ਗੱਡੀ ਨੇੜੇ ਹੋਇਆ। ਅਫਗਾਨਿਸਤਾਨ ਦੇ ਉੱਤਰੀ ਪਰਵਾਨ ਸੂਬੇ ਵਿਚ ਇਹ ਘਟਨਾ ਵਾਪਰੀ।

ਰਾਸ਼ਟਰਪਤੀ ਚੋਣ ਮੁਹਿੰਮ ਦੇ ਬੁਲਾਰੇ ਹਾਮਿਦ ਅਜ਼ੀਜ਼ ਨੇ ਕਿਹਾ ਕਿ ਘਟਨਾ ਵੇਲੇ ਰਾਸ਼ਟਰਪਤੀ ਅਸ਼ਰਫ ਗਨੀ ਮੌਕੇ 'ਤੇ ਮੌਜੂਦ ਸਨ, ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਮਲੇ ਪਿੱਛੇ ਕਿਸ ਅੱਤਵਾਦੀ ਗਰੁੱਪ ਦਾ ਹੱਥ ਹੈ ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਕਿ ਹਮਲਾਵਰ ਮੋਟਰਸਾਈਕਲ 'ਤੇ ਆਏ ਅਤੇ ਰੈਲੀ ਨੇੜੇ ਪੁਲਸ ਚੌਕੀ ਵਿਚ ਬੰਬ ਲਗਾ ਕੇ ਧਮਾਕਾ ਕਰ ਦਿੱਤਾ।

ਪਰਵਾਨ ਹਸਪਤਾਲ ਦੇ ਡਾਕਟਰ ਅਬਦੁਲ ਕਾਸਿਮ ਸੰਗਿਨ ਨੇ ਕਿਹਾ ਕਿ ਜ਼ਖਮੀਆਂ ਵਿਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹੋ ਸਕਦੀਆਂ ਹਨ। ਸਥਾਨਕ ਹਸਪਤਾਲ ਦੇ ਡਾਕਟਰਾਂ ਵਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਖਮੀਆਂ ਅਤੇ ਮ੍ਰਿਤਕਾਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਸਕਦਾ ਹੈ। ਫਿਲਹਾਲ ਘਟਨਾ ਵਾਲੀ ਥਾਂ 'ਤੇ ਪੁਲਸ ਜਾਂਚ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਉਥੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਅਜ਼ੀਜ਼ ਨੇ ਕਿਹਾ ਕਿ ਉਹ ਛੇਤੀ ਹੀ ਇਸ ਘਟਨਾ ਨੂੰ ਲੈ ਕੇ ਪੂਰੀ ਜਾਣਕਾਰੀ ਮੀਡੀਆ ਰਾਹੀਂ ਦਿੱਤੀ ਜਾਵੇਗੀ। ਸੂਬਾ ਸਰਕਾਰ ਦੀ ਬੁਲਾਰਣ ਵਾਹਿਦਾ ਸ਼ਾਹਕਰ ਨੇ ਕਿਹਾ ਕਿ ਇਹ ਧਮਾਕਾ ਮੰਗਲਵਾਰ ਨੂੰ ਉਸ ਵੇਲੇ ਹੋਇਆ, ਜਦੋਂ ਰਾਸ਼ਟਰਪਤੀ ਦੀ ਰੈਲੀ ਚੱਲ ਰਹੀ ਸੀ। ਰੈਲੀ ਸਥਾਨਕ ਗੇਟ 'ਤੇ ਪਹੁੰਚੀ ਤਾਂ ਅਚਾਨਕ ਹੋਏ ਬੰਬ ਧਮਾਕੇ ਨਾਲ ਹਲਚਲ ਮਚ ਗਈ। ਹੁਣ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਫਗਾਨਿਸਤਾਨ ਵਿਚ ਅਗਲੇ ਮਹੀਨੇ ਹੀ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ, ਜਿਸ ਲਈ ਫਿਲਹਾਲ ਚੋਣ ਪ੍ਰਚਾਰ ਤੇਜ਼ੀ ਨਾਲ ਚੱਲ ਰਿਹਾ ਹੈ।


author

Sunny Mehra

Content Editor

Related News