ਅਫਗਾਨ ਸ਼ਾਂਤੀ ਵਾਰਤਾ ਦਾ 7ਵਾਂ ਦੌਰ ਅਗਲੇ ਹਫਤੇ ਦੋਹਾ ''ਚ

Sunday, Jun 16, 2019 - 05:05 PM (IST)

ਅਫਗਾਨ ਸ਼ਾਂਤੀ ਵਾਰਤਾ ਦਾ 7ਵਾਂ ਦੌਰ ਅਗਲੇ ਹਫਤੇ ਦੋਹਾ ''ਚ

ਕਾਬੁਲ (ਬਿਊਰੋ)— ਅਫਗਾਨ ਸ਼ਾਂਤੀ ਵਾਰਤਾ ਦੇ ਤਹਿਤ ਅਮਰੀਕਾ ਅਤੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਪ੍ਰਤੀਨਿਧੀ ਅਗਲੇ ਹਫਤੇ ਕਤਰ ਦੀ ਰਾਜਧਾਨੀ ਦੋਹਾ ਵਿਚ ਵਾਰਤਾ ਕਰਨਗੇ। 7ਵੇਂ ਦੌਰ ਦੀ ਹੋਣ ਵਾਲੀ ਇਸ ਵਾਰਤਾ ਵਿਚ ਕੁਝ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਵਿਚ ਅਮਰੀਕਾ ਦੇ ਵਿਸ਼ੇਸ਼ ਦੂਤ ਜ਼ਲਮਯ ਖਲੀਲਜ਼ਾਦ ਤਾਲਿਬਾਨ ਦੇ ਪ੍ਰਤੀਨਿਧੀਆਂ ਦੇ ਨਾਲ ਹੁਣ ਤੱਕ 6 ਬੈਠਕਾਂ ਕਰ ਚੁੱਕੇ ਹਨ। 

ਜੰਗਬੰਦੀ, ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਅਤੇ ਵਾਰਤਾ ਵਿਚ ਅਫਗਾਨ ਸਰਕਾਰ ਨੂੰ ਵੀ ਸ਼ਾਮਲ ਕੀਤੇ ਜਾਣ ਦੇ ਮੁੱਦੇ ਦੋਹਾਂ ਪੱਖਾਂ ਵਿਚਾਲੇ ਸਮਝੌਤੇ ਵਿਚ ਰੁਕਾਵਟ ਬਣੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਹੋਣ ਵਾਲੀ ਵਾਰਤਾ ਵਿਚ ਕੁਝ ਸ਼ਰਤਾਂ 'ਤੇ ਸਹਿਮਤੀ ਬਣਾਉਣ ਲਈ ਤਾਲਿਬਾਨ ਨੂੰ ਕਈ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ। ਗੱਲਬਾਤ ਲਈ ਦੋਹਾ ਜਾਣ ਤੋਂ ਪਹਿਲਾਂ ਖਲੀਲਜ਼ਾਦ ਨੇ ਇੱਥੇ ਅਫਗਾਨ ਸਰਕਾਰ ਵਿਚ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਨਾਲ ਮੁਲਾਕਾਤ ਕੀਤੀ। ਮਈ ਵਿਚ ਹੋਈ ਪਿਛਲੀ ਵਾਰਤਾ ਦੇ ਬਾਅਦ ਖਲੀਲਜ਼ਾਦ ਨੇ ਕਿਹਾ ਸੀ ਕਿ ਤਾਲਿਬਾਨ ਨਾਲ ਗੱਲਬਾਤ ਦੀ ਗਤੀ ਹੌਲੀ ਜ਼ਰੂਰ ਹੈ ਪਰ ਉਸ ਵਿਚ ਲਗਾਤਾਰ ਤਰੱਕੀ ਹੋ ਰਹੀ ਹੈ।


author

Vandana

Content Editor

Related News