ਅਫਗਾਨਿਸਤਾਨ ''ਚ ਬੰਬ ਧਮਾਕੇ ਦੌਰਾਨ 23 ਲੋਕਾਂ ਦੀ ਮੌਤ
Monday, Jun 29, 2020 - 07:31 PM (IST)

ਕਾਬੁਲ- ਦੱਖਣੀ ਅਫਗਾਨਿਸਤਾਨ ਦੇ ਹੇਲਮੰਦ ਸੂਬੇ ਦੇ ਇਕ ਵਿਅਸਤ ਬਾਜ਼ਾਰ ਵਿਚ ਸੋਮਵਾਰ ਨੂੰ ਕਾਰ ਬੰਬ ਧਮਾਕੇ ਤੇ ਮੋਰਟਾਰ ਹਮਲੇ ਵਿਚ ਬੱਚਿਆਂ ਸਣੇ ਘੱਟ ਤੋਂ ਘੱਟ 23 ਲੋਕਾਂ ਦੀ ਮੌਤ ਹੋ ਗਈ। ਸੂਬਾਈ ਗਵਰਨਰ ਦੇ ਦਫਤਰ ਵਲੋਂ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਤਾਲਿਬਾਨ ਤੇ ਅਫਗਾਨ ਫੌਜ ਦੋਵਾਂ ਸੰਗਠਿਤ ਜ਼ਿਲਿਆਂ ਵਿਚ ਹੋਈ ਇਸ ਘਟਨਾ ਦੇ ਲਈ ਇਕ-ਦੂਜੇ ਨੂੰ ਦੋਸ਼ੀ ਠਹਿਰਾ ਰਹੇ ਹਨ। ਇਸ ਹਮਲੇ ਦਾ ਸੁਤੰਤਰ ਬਿਓਰਾ ਨਹੀਂ ਮਿਲ ਸਕਿਆ ਹੈ ਕਿਉਂਕਿ ਇਹ ਖੇਤਰ ਤਾਲਿਬਾਨ ਦੇ ਕੰਟਰੋਲ ਵਿਚ ਹੈ ਤੇ ਪੱਤਰਕਾਰਾਂ ਦੇ ਲਈ ਖਤਰੇ ਭਰਿਆ ਹੈ। ਗਵਰਨਰ ਮੁਹੰਮਦ ਯਾਸੀਨ ਦੇ ਦਫਤਰ ਵਲੋਂ ਜਾਰੀ ਬਿਆਨ ਵਿਚ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਹਮਲੇ ਦੇ ਲਈ ਕਿਸੇ ਨੇ ਜ਼ਿੰਮੇਦਾਰੀ ਨਹੀਂ ਲਈ ਹੈ। ਤਾਲਿਬਾਨ ਦੇ ਇਕ ਬੁਲਾਰੇ ਕਾਰੀ ਯੂਸੁਫ ਅਹਿਮਦੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਹਮਲੇ ਵਿਚ ਵਿਧਰੋਹੀ ਸ਼ਾਮਲ ਸਨ। ਤਾਲਿਬਾਨ ਨੇ ਦਾਅਵਾ ਕੀਤਾ ਕਿ ਫੌਜੀਆਂ ਨੇ ਬਾਜ਼ਾਰ ਵਿਚ ਮੋਰਟਾਰ ਦਾਗੇ ਉਥੇ ਹੀ ਫੌਜ ਨੇ ਕਿਹਾ ਕਿ ਵਿਧਰੋਹੀਆਂ ਨੇ ਕਾਰ ਬੰਬ ਤੇ ਮੋਰਟਾਰ ਗੋਲਿਆਂ ਨਾਲ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ।
ਫੌਜ ਨੇ ਇਹ ਵੀ ਕਿਹਾ ਕਿ ਸੋਮਵਾਰ ਨੂੰ ਉਸ ਖੇਤਰ ਵਿਚ ਕੋਈ ਫੌਜੀ ਗਤੀਵਿਧੀ ਨਹੀਂ ਸੀ ਤੇ ਬਾਜ਼ਾਰ ਵਿਚ ਹੋਏ ਕਾਰ ਬੰਬ ਧਮਾਕੇ ਵਿਚ ਤਾਲਿਬਾਨ ਦੇ ਵੀ ਦੋ ਲੜਾਕੇ ਮਾਰੇ ਗਏ। ਬਾਜ਼ਾਰ ਵਿਚ ਲੋਕ ਭੇੜ ਤੇ ਬੱਕਰੀਆਂ ਵੇਚ ਰਹੇ ਸਨ। ਹਮਲੇ ਵਿਚ ਪਸੂ ਵੀ ਮਾਰੇ ਗਏ ਹਨ। ਰਾਸ਼ਟਰਪਤੀ ਭਵਨ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਸ ਦਰਿੰਦਗੀ ਤੇ ਗੈਰ-ਮਨੁੱਖੀ ਕਾਰੇ ਦੀ ਸਖਤ ਨਿੰਦਾ ਕੀਤੀ ਤੇ ਕਿਹਾ ਕਿ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਇਸਲਾਮੀ ਤੇ ਮਨੁੱਖੀ ਮੁੱਲਾਂ ਦੇ ਖਿਲਾਫ ਹੈ।