ਆਸਟ੍ਰੇਲੀਆ : ਐਡੀਲੇਡ ''ਚ ਲੁਟੇਰਿਆਂ ਨੇ ਤੜਕਸਾਰ ਘਰ ''ਤੇ ਬੋਲਿਆ ਧਾਵਾ, ਗਹਿਣੇ ਲੈ ਕੇ ਹੋਏ ਫਰਾਰ
Wednesday, Aug 01, 2018 - 03:38 PM (IST)

ਐਡੀਲੇਡ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਸਥਿਤ ਇਕ ਘਰ 'ਚ ਨਕਾਬਪੋਸ਼ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ। ਲੁੱਟ-ਖੋਹ ਕਰਨ ਆਏ ਲੁਟੇਰੇ ਬੰਦੂਕ ਦੀ ਨੋਕ 'ਤੇ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਘਰ 'ਚ ਰਹਿੰਦੀ 74 ਸਾਲਾ ਔਰਤ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਸ ਮੁਤਾਬਕ 3 ਨਕਾਬਪੋਸ਼ ਲੁਟੇਰੇ ਘਰ 'ਚ ਦਾਖਲ ਹੋਏ ਅਤੇ ਬਜ਼ੁਰਗ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਲੁਟੇਰਿਆਂ ਨੇ ਤੜਕਸਾਰ 1.00 ਵਜੇ ਘਟਨਾ ਨੂੰ ਅੰਜ਼ਾਮ ਦਿੱਤਾ। ਘਰ 'ਚ ਸੁੱਤੀ ਪਈ ਬਜ਼ੁਰਗ ਔਰਤ ਨੂੰ ਹਥਿਆਰ ਨਾਲ ਡਰਾਇਆ ਅਤੇ ਪੈਸਿਆਂ ਦੀ ਮੰਗ ਕੀਤੀ। ਲੁਟੇਰਿਆਂ ਨੇ ਔਰਤ ਨੂੰ ਫੜਿਆ ਅਤੇ ਉਸ ਦੀਆਂ ਬਾਂਹਾਂ ਜ਼ਖਮੀ ਕਰ ਦਿੱਤੀਆਂ।
ਬਜ਼ੁਰਗ ਔਰਤ ਦੇ ਬੇਟੇ ਨੇ ਕਿਹਾ ਕਿ ਇਸ ਡਰਾਵਨੇ ਅਤੇ ਹਿੰਸਕ ਲੁੱਟ-ਖੋਹ ਨੇ ਉਨ੍ਹਾਂ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਮੇਰੀ ਮਾਂ ਡਰ ਗਈ ਹੈ, ਜੋ ਕਿ ਪਹਿਲਾਂ ਹੀ ਠੀਕ ਨਹੀਂ ਰਹਿੰਦੀ। ਇਸ ਘਟਨਾ ਮਗਰੋਂ ਬਜ਼ੁਰਗ ਔਰਤ ਦਾ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਇਲਾਜ ਕੀਤਾ ਗਿਆ। ਗੁਆਂਢੀਆਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਹੈਰਾਨ ਹਨ ਪਰ ਉਨ੍ਹਾਂ ਨੇ ਜੋ ਵਾਪਰਿਆ ਉਸ ਦੀ ਆਵਾਜ਼ ਨਹੀਂ ਸੁਣੀ। ਓਧਰ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।