ਨਵਾਜ਼ ਸ਼ਰੀਫ਼ ਦੀ ਵਾਪਸੀ ’ਤੇ ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ : ਕਾਰਜਕਾਰੀ ਸੂਚਨਾ ਮੰਤਰੀ

Monday, Sep 25, 2023 - 01:29 PM (IST)

ਨਵਾਜ਼ ਸ਼ਰੀਫ਼ ਦੀ ਵਾਪਸੀ ’ਤੇ ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ : ਕਾਰਜਕਾਰੀ ਸੂਚਨਾ ਮੰਤਰੀ

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਕਾਰਜਕਾਰੀ ਸੂਚਨਾ ਮੰਤਰੀ ਮੁਰਤਜ਼ਾ ਸੋਲਾਂਗੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਜੇਲ੍ਹ ਦੀ ਸਜ਼ਾ ਕਾਰਨ ਲੰਡਨ ਨਹੀਂ ਭੱਜੇ ਅਤੇ ਅਗਲੇ ਮਹੀਨੇ ਦੇਸ਼ ਪਰਤਣ ’ਤੇ ਉਨ੍ਹਾਂ ਖਿਲਾਫ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ। ਸ਼ਰੀਫ (73) ਨੇ ਹਾਲ ਹੀ ’ਚ ਕਿਹਾ ਸੀ ਕਿ ਉਹ 21 ਅਕਤੂਬਰ ਨੂੰ ਪਾਕਿਸਤਾਨ ਪਰਤਣ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਜਨਵਰੀ 2024 ’ਚ ਹੋਣ ਵਾਲੀਆਂ ਚੋਣਾਂ ’ਚ ਆਪਣੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਪਾਰਟੀ ਦੀ ਅਗਵਾਈ ਕਰਨਗੇ।

ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਸੋਲਾਂਗੀ ਨੇ ਕਿਹਾ ਕਿ ਨਵਾਜ਼ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਅਤੇ ਇਕ ਵੱਡੀ ਸਿਆਸੀ ਪਾਰਟੀ ਦੇ ਨੇਤਾ ਹਨ। ਮੰਤਰੀ ਨੇ ਕਿਹਾ ਕਿ ਨਵਾਜ਼ ਜੇਲ੍ਹ ਦੀ ਸਜ਼ਾ ਕਾਰਨ ਵਿਦੇਸ਼ ਨਹੀਂ ਭੱਜੇ, ਸਗੋਂ ਉਨ੍ਹਾਂ ਨੇ ਅਦਾਲਤ ਅਤੇ ਸਾਬਕਾ ਸਰਕਾਰ ਤੋਂ ਵਿਦੇਸ਼ ਜਾਣ ਦੀ ਇਜਾਜ਼ਤ ਲਈ ਸੀ। ਸੋਲੰਗੀ ਨੇ ਕਿਹਾ ਕਿ ਉਹ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਕਿ ਨਵਾਜ਼ ਨੂੰ ਅਗਾਊਂ ਜ਼ਮਾਨਤ ਮਿਲੀ ਹੈ ਜਾਂ ਫਿਰ ਉਹ ਅਦਾਲਤ ਗਏ ਹਨ ਜਾਂ ਨਹੀਂ। ਆਮਦਨ ਦਾ ਐਲਾਨ ਨਾ ਕਰਨ ’ਤੇ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਜਨਤਕ ਅਹੁਦਾ ਸੰਭਾਲਣ ਤੋਂ ਉਮਰ ਭਰ ਲਈ ਅਯੋਗ ਕਰਾਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ 2017 ’ਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਨਵਾਜ਼ ਨੇ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ, ਜਿਸ ’ਤੇ ਲਾਹੌਰ ਹਾਈ ਕੋਰਟ ਨੇ ਉਨ੍ਹਾਂ ਨੂੰ ਚਾਰ ਹਫ਼ਤਿਆਂ ਲਈ ਇਜਾਜ਼ਤ ਦੇ ਦਿੱਤੀ ਸੀ ਪਰ ਉਹ ਵਾਪਸ ਨਹੀਂ ਆਏ ਅਤੇ 2019 ਤੋਂ ਲੰਡਨ ’ਚ ਰਹਿ ਰਹੇ ਹਨ।
 


author

cherry

Content Editor

Related News