ਇਟਲੀ ''ਚ ਪੰਜਾਬੀ ਗੱਭਰੂ ਨੇ ਭਾਈਚਾਰੇ ਦੀ ਕਰਾਈ ਬੱਲੇ-ਬੱਲੇ, ਪਾਦੋਵਾ ਯੂਨੀਵਰਸਿਟੀ ਤੋਂ ਅੱਵਲ ਰਹਿੰਦਿਆਂ ਪਾਸ ਕੀਤੀ ਏਰੋਸਪੇਸ ਇੰਜੀਨੀਅਰਿੰਗ

Tuesday, Nov 24, 2026 - 12:00 AM (IST)

ਇਟਲੀ ''ਚ ਪੰਜਾਬੀ ਗੱਭਰੂ ਨੇ ਭਾਈਚਾਰੇ ਦੀ ਕਰਾਈ ਬੱਲੇ-ਬੱਲੇ, ਪਾਦੋਵਾ ਯੂਨੀਵਰਸਿਟੀ ਤੋਂ ਅੱਵਲ ਰਹਿੰਦਿਆਂ ਪਾਸ ਕੀਤੀ ਏਰੋਸਪੇਸ ਇੰਜੀਨੀਅਰਿੰਗ

ਇਟਲੀ (ਦਲਵੀਰ ਸਿੰਘ ਕੈਂਥ) : ਇਤਿਹਾਸ ਗਵਾਹ ਹੈ ਕਿ ਭਾਰਤੀ ਬੱਚਿਆਂ ਨੇ ਦੁਨੀਆ ਭਰ ਦੇ ਵਿੱਦਿਅਕ ਖੇਤਰਾਂ ਵਿੱਚ ਆਪਣੀ ਕਾਬਲੀਅਤ ਨਾਲ ਜੋ ਮੁਕਾਮ ਹਾਸਲ ਕੀਤਾ ਹੈ, ਉਸ ਨੂੰ ਹਰ ਦੇਸ਼ ਦੇ ਲੋਕ ਸੱਜਦਾ ਕਰਦੇ ਹਨ। ਇਟਲੀ ਦੇ ਵਿੱਦਿਅਕ ਖੇਤਰਾਂ ਵਿੱਚ ਚੰਗੇ ਨੰਬਰ ਲੈ ਕੇ ਭਾਰਤੀ ਬੱਚਿਆਂ ਵੱਲੋਂ ਮਚਾਈ ਜਾ ਰਹੀ ਧੂਮ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਜਿਸ ਤੋਂ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕ ਜਿਹੜੇ ਇਟਲੀ ਦੇ ਬਾਸ਼ਿੰਦੇ ਹਨ, ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਸ਼ਾਇਦ ਹੀ ਕੋਈ ਅਜਿਹਾ ਖੇਤਰ ਛੱਡਿਆ ਹੋਵੇ, ਜਿੱਥੇ ਭਾਰਤੀਆਂ ਨੇ ਆਪਣੀ ਕਾਬਲੀਅਤ ਸਿੱਧ ਨਾ ਕੀਤੀ ਹੋਵੇ। ਇਸ ਧਾਰਨਾ ਨੂੰ ਹੋਰ ਪ੍ਰਪੱਖ ਕਰ ਦਿੱਤਾ ਹੈ ਇਟਲੀ ਦੇ ਜਗਦੀਸ਼ ਲਾਲ ਮਹਿਮੀ ਅਤੇ ਜੱਸੀ ਬੰਗਾ ਦੇ ਹੋਣਹਾਰ ਸਪੁੱਤਰ ਕੈਰੀ ਮਹਿਮੀ ਨੇ, ਜਿਸਨੇ ਇਟਲੀ ਦੀ ਪਾਦੋਵਾ ਯੂਨੀਵਰਸਿਟੀ ਤੋਂ ਏਰੋਸਪੇਸ ਇੰਜੀਨੀਅਰਿੰਗ (ਹਵਾਈ ਉਡਾਣ ਤੇ ਪੁਲਾੜ ਯਾਨ ਨਾਲ ਸਬੰਧਤ) ਵਿੱਚ ਗ੍ਰੈਜੂਏਸ਼ਨ 110 ਵਿੱਚੋਂ 95 ਨੰਬਰਾਂ ਨਾਲ ਅੱਵਲ ਆ ਕੇ ਮਾਪਿਆਂ ਸਮੇਤ ਭਾਰਤ ਦਾ ਨਾਮ ਚਮਕਾਇਆ ਹੈ। 

ਕੈਰੀ ਮਹਿਮੀ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਮੰਡਾਲੀ ਨਾਲ ਸਬੰਧਤ ਹੈ ਜੋ ਕਿ ਇਟਲੀ ਦੇ ਸੂਬੇ ਲੰਬਾਰਦੀਆ ਦੇ ਕਸਬਾ ਵੋਬਾਰਨੋ ਵਿਖੇ ਰਹਿੰਦਾ ਹੈ। ਏਰੋਸਪੇਸ ਇੰਜੀਨੀਅਰਿੰਗ ਵਿੱਚ ਡਿਗਰੀ ਕਰਨ ਤੋਂ ਬਾਅਦ ਕਾਮਯਾਬੀ ਦੀਆਂ ਨਵੀਆਂ ਲੀਹਾਂ ਪਾਉਣ ਦੀ ਤਿਆਰੀ ਕਰ ਰਿਹਾ ਹੈ। ਉਸਨੇ ਦੱਸਿਆ ਕਿ ਹੁਣ ਉਹ ਮਾਸਟਰ ਡਿਗਰੀ ਦੀ ਪੜ੍ਹਾਈ ਵਿੱਚ ਜੁੱਟ ਗਿਆ ਹੈ। ਕੈਰੀ ਦੇ ਪਿਤਾ ਜਗਦੀਸ਼ ਲਾਲ ਮਹਿਮੀ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਬਚਪਨ ਤੋਂ ਹੀ ਹੁਸ਼ਿਆਰ ਹੈ ਅਤੇ ਹਰ ਕਲਾਸ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਰਿਹਾ ਹੈ। ਉਹਨਾਂ ਦੇ ਬੇਟੇ ਨੇ ਅੱਵਲ ਦਰਜੇ ਵਿੱਚ ਡਿਗਰੀ ਪ੍ਰਾਪਤ ਕਰਕੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ ਹੈ। ਉਹਨਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਕੈਰੀ ਉਹਨਾਂ ਦੇ ਪਰਿਵਾਰ ਵਿੱਚ ਪਹਿਲਾ ਨੌਜਵਾਨ ਹੈ, ਜਿਸਨੇ ਵਿਦੇਸ਼ ਵਿੱਚ ਆ ਕੇ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਡਿਗਰੀ ਹਾਸਿਲ ਕੀਤੀ ਹੋਵੇ। ਉਸ ਦੀ ਇਸ ਕਾਮਯਾਬੀ ਲਈ ਮਾਪਿਆਂ ਨੂੰ ਸਾਕ-ਸਬੰਧੀਆਂ ਤੇ ਇਟਾਲੀਅਨ ਲੋਕਾਂ ਵੱਲੋਂ ਵਿਸ਼ੇਸ਼ ਵਧਾਈਆਂ ਦਿੱਤੀਆਂ ਜਾ ਰਹੀ ਹੈ। ਉੱਥੇ ਹੀ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਡਿਗਰੀ ਮਿਲਣ ਸਮੇਂ ਵਿਸ਼ੇਸ਼ ਤੌਰ 'ਤੇ ਯੂ.ਕੇ. ਤੋਂ ਇਟਲੀ ਆਏ ਅਤੇ ਪਰਿਵਾਰ ਲਈ ਮਾਣ ਵਾਲੀ ਘੜੀ ਵਿੱਚ ਸ਼ਾਮਿਲ ਹੋਏ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਗਦੀਸ਼ ਲਾਲ ਮਹਿਮੀ ਅਤੇ ਪਰਿਵਾਰ ਸਮੇਤ ਲੰਬੇ ਸਮੇਂ ਤੋਂ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਧੰਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ (ਬਰੇਸ਼ੀਆ) ਵਿੱਚ ਸੇਵਾਵਾਂ ਨਿਭਾਅ ਰਹੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਭੂਚੰਗੀ ਕੈਰੀ ਮਹਿਮੀ ਦਾ ਇਸ ਮਾਣਮੱਤੀ ਪ੍ਰਾਪਤੀ ਲਈ ਗੁਰੂ ਦੀ ਬਖਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।


author

Sandeep Kumar

Content Editor

Related News