ਯੂਕ੍ਰੇਨ ''ਚ ਜੰਗ ਵਿਚਾਲੇ ਪੈਣ ਲੱਗੀ ਸਰਦੀ ਦੀ ਮਾਰ ! ਟੁੱਟੀਆਂ ਖਿੜਕੀਆਂ ਕਾਰਨ ਤਰਪਾਲਾਂ ਲਾ ਕੇ ਰਹਿ ਰਹੇ ਲੋਕ

Monday, Nov 23, 2026 - 05:27 PM (IST)

ਯੂਕ੍ਰੇਨ ''ਚ ਜੰਗ ਵਿਚਾਲੇ ਪੈਣ ਲੱਗੀ ਸਰਦੀ ਦੀ ਮਾਰ ! ਟੁੱਟੀਆਂ ਖਿੜਕੀਆਂ ਕਾਰਨ ਤਰਪਾਲਾਂ ਲਾ ਕੇ ਰਹਿ ਰਹੇ ਲੋਕ

ਇੰਟਰਨੈਸ਼ਨਲ ਡੈਸਕ- ਯੂਕ੍ਰੇਨ 'ਚ ਰੂਸ ਨਾਲ ਜੰਗ ਦੇ ਵਿਚਾਲੇ ਸਰਦੀਆਂ 'ਚ ਆਮ ਨਾਗਰਿਕਾਂ ਲਈ ਕੜਾਕੇ ਦੀ ਠੰਢ ਤੋਂ ਬਚਣਾ ਵੱਡੀ ਚੁਣੌਤੀ ਬਣ ਗਿਆ ਹੈ। ਰੂਸ ਦੇ ਲਗਾਤਾਰ ਮਿਜ਼ਾਈਲ ਅਤੇ ਡਰੋਨ ਹਮਲਿਆਂ ਕਾਰਨ ਹਜ਼ਾਰਾਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਚੁੱਕੀਆਂ ਹਨ, ਜਿਨ੍ਹਾਂ ਦੀ ਮੁਰੰਮਤ ਲਈ ਹੁਣ ਕਾਰੀਗਰਾਂ ਦੀ ਭਾਰੀ ਕਮੀ ਅਤੇ ਅਸਮਾਨੀ ਚੜ੍ਹੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਕੀਵ ਦੇ ਹਜ਼ਾਰਾਂ ਪਰਿਵਾਰ ਅਕਤੂਬਰ ਵਿੱਚ ਹੋਏ ਮਿਜ਼ਾਈਲ ਹਮਲੇ ਤੋਂ ਬਾਅਦ ਟੁੱਟੀਆਂ ਖਿੜਕੀਆਂ ਦੀ ਥਾਂ ਫਾਈਬਰ-ਬੋਰਡ ਅਤੇ ਤਰਪਾਲਾਂ ਲਗਾ ਕੇ ਗੁਜ਼ਾਰਾ ਕਰ ਰਹੇ ਹਨ। ਇੱਕ ਫਲੈਟ ਦੀਆਂ ਨਵੀਆਂ ਖਿੜਕੀਆਂ ਲਗਵਾਉਣ ਦਾ ਖ਼ਰਚਾ ਕਰੀਬ 1,700 ਡਾਲਰ ਆ ਰਿਹਾ ਹੈ, ਜੋ ਦੇਸ਼ ਦੀ ਔਸਤ ਤਨਖ਼ਾਹ ਨਾਲੋਂ ਤਿੰਨ ਗੁਣਾ ਵੱਧ ਹੈ, ਜਦਕਿ ਸਰਕਾਰੀ ਮੁਆਵਜ਼ਾ ਮਿਲਣ 'ਚ ਤਿੰਨ ਤੋਂ ਚਾਰ ਮਹੀਨੇ ਲੱਗ ਜਾਂਦੇ ਹਨ। ਵਿਸ਼ਵ ਬੈਂਕ ਅਨੁਸਾਰ ਜੰਗ ਕਾਰਨ ਲਗਭਗ 30 ਲੱਖ ਘਰ ਤਬਾਹ ਜਾਂ ਨੁਕਸਾਨੇ ਗਏ ਹਨ, ਜਿਨ੍ਹਾਂ ਦੀ ਮੁੜ-ਉਸਾਰੀ ਲਈ 90 ਅਰਬ ਡਾਲਰ ਦੀ ਲੋੜ ਹੈ।

ਯੂਕ੍ਰੇਨੀ ਨਿਰਮਾਤਾ 10 ਦਿਨਾਂ 'ਚ ਖਿੜਕੀਆਂ ਤਿਆਰ ਕਰ ਸਕਦੇ ਹਨ, ਪਰ ਜੰਗ ਦੌਰਾਨ ਫ਼ੌਜ 'ਚ ਭਰਤੀ ਹੋਣ ਕਾਰਨ ਦੇਸ਼ 'ਚ ਹੁਨਰਮੰਦ ਕਾਰੀਗਰਾਂ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ। ਇਸ ਕਾਰਨ ਖਿੜਕੀਆਂ ਲਗਾਉਣ ਦਾ ਖ਼ਰਚਾ ਦੁੱਗਣਾ ਹੋ ਗਿਆ ਹੈ। ਉੱਪਰੋਂ ਬਿਜਲੀ ਕੱਟਾਂ ਕਾਰਨ ਲਿਫਟਾਂ ਬੰਦ ਰਹਿਣ ਕਰਕੇ ਕਾਰੀਗਰਾਂ ਨੂੰ ਭਾਰੀ ਸਾਮਾਨ ਪੌੜੀਆਂ ਰਾਹੀਂ ਉੱਪਰਲੀਆਂ ਮੰਜ਼ਿਲਾਂ ਤੱਕ ਢੋਣਾ ਪੈਂਦਾ ਹੈ।

ਕਾਰੀਗਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੀਵ ਦੇ ਇੱਕ ਵੋਕੇਸ਼ਨਲ ਕਾਲਜ ਵਿੱਚ ਯੂਰਪੀ ਯੂਨੀਅਨ ਦੀ ਮਦਦ ਨਾਲ ਨੌਜਵਾਨਾਂ ਨੂੰ ਖਿੜਕੀਆਂ ਤੇ ਦਰਵਾਜ਼ੇ ਲਗਾਉਣ ਦੀ 3 ਸਾਲਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਹੁਨਰਮੰਦ ਕਾਮਿਆਂ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਸਿਖਲਾਈ ਪੂਰੀ ਕਰਨ ਵਾਲਿਆਂ ਨੂੰ ਕਾਨੂੰਨ ਗ੍ਰੈਜੂਏਟਾਂ ਦੇ ਬਰਾਬਰ ਕਰੀਬ 900 ਡਾਲਰ ਸ਼ੁਰੂਆਤੀ ਤਨਖ਼ਾਹ ਮਿਲਣ ਦੀ ਉਮੀਦ ਹੈ।


author

Harpreet SIngh

Content Editor

Related News