ਤੁਰਕੀ 'ਚ ਵੱਡਾ ਹਾਦਸਾ: ਕੋਲੇ ਦੀ ਖਾਨ 'ਚ ਧਮਾਕੇ ਕਾਰਨ 25 ਲੋਕਾਂ ਦੀ ਮੌਤ, ਕਈ ਫਸੇ

Saturday, Oct 15, 2022 - 01:10 PM (IST)

ਅੰਕਾਰਾ : ਉੱਤਰੀ ਤੁਰਕੀਏ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬਚਾਅ ਕਰਮੀਆਂ ਨੇ ਉੱਥੇ ਫਸੇ ਹੋਰਨਾਂ ਨੂੰ ਬਚਾਉਣ ਲਈ ਰਾਤ ਭਰ ਕੋਸ਼ਿਸ਼ਾਂ ਕੀਤੀਆਂ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਧਮਾਕਾ ਸ਼ੁੱਕਰਵਾਰ ਸ਼ਾਮ 6.45 ਵਜੇ ਕਾਲੇ ਸਾਗਰ ਤੱਟੀ ਸੂਬੇ ਬਾਰਟਿਨ ਦੇ ਅਮਾਸਰਾ ਕਸਬੇ ਵਿੱਚ ਸਰਕਾਰੀ-ਸੰਚਾਲਿਤ ਟੀਟੀਕੇ ਅਮਾਸਰਾ ਮਯੁਸਸੇਸੇ ਮੁਦੁਰਲੁਗੂ ਖਾਨ ਵਿੱਚ ਹੋਇਆ। ਊਰਜਾ ਮੰਤਰੀ ਫਾਤੇਹ ਡੋਨਮੇਜ਼ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਧਮਾਕਾ ਕੋਲੇ ਦੀਆਂ ਖਾਣਾਂ 'ਚ ਮੌਜੂਦ ਜਲਣਸ਼ੀਲ ਗੈਸਾਂ ਕਾਰਨ ਹੋਇਆ।

ਇਹ ਵੀ ਪੜ੍ਹੋ : ਸਪੇਨ ਨੇ ਕੀਤਾ ਭਾਰਤ ਦਾ ਅਪਮਾਨ, ਇਕ ਸਪੇਰੇ ਜ਼ਰੀਏ ਦਿਖਾਇਆ ਭਾਰਤੀ ਅਰਥਚਾਰਾ, ਪਿਆ ਬਖੇੜਾ

ਇਸ ਦੇ ਨਾਲ ਹੀ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕੇ ਦੇ ਸਮੇਂ ਖਾਨ ਵਿੱਚ 110 ਲੋਕ ਮੌਜੂਦ ਸਨ। ਸੋਇਲੂ ਬਚਾਅ ਮੁਹਿੰਮ ਦਾ ਤਾਲਮੇਲ ਕਰਨ ਲਈ ਅਮਾਸਾਰਾ ਗਏ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਜ਼ਿਆਦਾਤਰ ਮਜ਼ਦੂਰਾਂ ਨੂੰ ਬਚਾ ਲਿਆ ਗਿਆ ਸੀ, ਪਰ 49 ਮਜ਼ਦੂਰ ਖਾਨ ਦੇ ਉੱਚ ਜੋਖਮ ਵਾਲੇ ਖੇਤਰ ਵਿੱਚ ਫਸ ਗਏ ਸਨ। ਹਾਲਾਂਕਿ, ਸੋਇਲੂ ਨੇ ਇਹ ਨਹੀਂ ਦੱਸਿਆ ਕਿ ਖਾਣ 'ਚ ਕਿੰਨੇ ਲੋਕ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਰੀਬ 49 ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਬਾਰਟਿਨ ਦੇ ਗਵਰਨਰ ਦਫਤਰ ਨੇ ਕਿਹਾ ਕਿ ਧਮਾਕੇ ਵਿਚ 25 ਲੋਕ ਮਾਰੇ ਗਏ ਹਨ।

ਸਿਹਤ ਮੰਤਰੀ ਫਹਰੇਤਿਨ ਕੋਕਾ ਨੇ ਦੱਸਿਆ ਕਿ ਘੱਟੋ-ਘੱਟ 17 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਅੱਠ ਦਾ ਇਲਾਜ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਕੀਤਾ ਜਾ ਰਿਹਾ ਹੈ। ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਕਈ ਬਚਾਅ ਟੀਮਾਂ ਨੂੰ ਘਟਨਾ ਵਾਲੀ ਥਾਂ 'ਤੇ ਰਵਾਨਾ ਕੀਤਾ ਗਿਆ ਹੈ। ਰਾਸ਼ਟਰਪਤੀ ਰਜਬ ਤੈਯਬ ਏਰਦੋਆਨ ਨੇ ਦੱਖਣ-ਪੂਰਬੀ ਸ਼ਹਿਰ ਦੀਆਬਾਕਿਰ ਦੀ ਆਪਣੀ ਯੋਜਨਾਬੱਧ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਬਚਾਅ ਕਾਰਜ ਦਾ ਜਾਇਜ਼ਾ ਲੈਣ ਲਈ ਅਮਾਸਰਾ ਜਾਣਗੇ ਅਤੇ ਘਟਨਾ ਦੀ ਜਾਂਚ ਲਈ ਤਿੰਨ ਸਰਕਾਰੀ ਵਕੀਲ ਨਿਯੁਕਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪਾਕਿਸਤਾਨ : ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਦਾ ਨਮਾਜ਼ ਅਦਾ ਕਰਨ ਦੌਰਾਨ ਗੋਲੀ ਮਾਰ ਕੇ ਕਤਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News