ਕੈਨੇਡੀਅਨ ਪੀ.ਐੱਮ. ਟਰੂਡੋ ਨੇ ਮੂਲ ਨਿਵਾਸੀਆਂ ਤੋਂ ਮੰਗੀ ਮੁਆਫੀ, ਉਨ੍ਹਾਂ ਨੇ ਵੀ ਵੱਡਾ ਦਿਲ ਕਰਕੇ ਕੀਤਾ ਮੁਆਫ

11/25/2017 3:41:56 PM

ਓਟਾਵਾ,(ਏਜੰਸੀ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੋਂ ਦੇ ਮੂਲ-ਨਿਵਾਸੀਆਂ ਨਾਲ ਹੋਏ ਧੱਕੇ ਸਬੰਧੀ ਪਛਤਾਵੇ 'ਤੇ ਮੁਆਫੀ ਮੰਗੀ। ਰੈਜ਼ੀਡੈਂਸ਼ੀਅਲ ਸਕੂਲਾਂ 'ਚ ਇਸ ਭਾਈਚਾਰੇ ਨਾਲ ਬਹੁਤ ਧੱਕਾ ਹੋਇਆ ਹੈ ਅਤੇ ਲੰਬੇ ਸਮੇਂ ਤੋਂ ਇਹ ਲੋਕ ਇਸ ਦੁੱਖ ਦੇ ਬੋਝ 'ਚ ਜੀਅ ਰਹੇ ਸਨ। ਪ੍ਰਧਾਨ ਮੰਤਰੀ ਟਰੂਡੋ ਨੇ ਇਨ੍ਹਾਂ ਕੋਲੋਂ ਸੂਬੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ 'ਚ ਜਾ ਕੇ ਮੁਆਫੀ ਮੰਗੀ। ਮੂਲ ਨਿਵਾਸੀਆਂ ਨੇ ਹੋਏ ਧੱਕੇ ਦੇ ਬਾਵਜੂਦ ਵੱਡਾ ਦਿਲ ਕਰਕੇ ਇਹ ਮੁਆਫੀ ਸਵਿਕਾਰ ਕਰ ਲਈ। 

PunjabKesari
ਤੁਹਾਨੂੰ ਦੱਸ ਦਈਏ ਕਿ ਟਰੂਡੋ ਇਸ ਤੋਂ ਪਹਿਲਾਂ ਪੋਪ ਕੋਲ ਵੀ ਮੰਗ ਉਠਾ ਚੁੱਕੇ ਹਨ ਕਿ ਉਹ ਵੀ ਈਸਾਈਆਂ ਦੇ ਪ੍ਰਮੁੱਖ ਆਗੂ ਹੋਣ ਨਾਤੇ ਇਨ੍ਹਾਂ ਲੋਕਾਂ ਕੋਲੋਂ ਮੁਆਫੀ ਮੰਗਣ। ਅਸਲ 'ਚ ਈਸਾਈ ਪ੍ਰਚਾਰਕਾਂ ਦੀ ਨਿਗਰਾਨੀ ਹੇਠ ਚਲਾਏੇ ਜਾਂਦੇ ਇਨ੍ਹਾਂ ਸਕੂਲਾਂ 'ਚ ਮੂਲ ਨਿਵਾਸੀਆਂ ਨਾਲ ਧੱਕੇ ਹੋ ਚੁੱਕੇ ਹਨ।

PunjabKesari
ਟਰੂਡੋ ਦੀ ਇਸ ਮੁਆਫੀ ਤੋਂ ਭਾਵੁਕ ਹੋਏ ਮੂਲ-ਨਿਵਾਸੀਆਂ ਨੇ ਕਿਹਾ,'' ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿ ਅੱਜ ਤੁਸੀਂ ਮੁਆਫੀ ਮੰਗ ਕੇ ਕਿੰਨਾ ਵੱਡਾ ਬੋਝ ਲਾਹ ਦਿੱਤਾ ਹੈ। ਅਸੀਂ ਤੁਹਾਨੂੰ ਮੁਆਫ ਕਰ ਦਿੱਤਾ ਹੈ। ਇਹ ਮੁਆਫੀ ਸਾਡੇ ਲਈ ਬਹੁਤ ਜ਼ਰੂਰੀ ਸੀ, ਹੁਣ ਅਸੀਂ ਕੈਨੇਡਾ ਨਾਲ ਜੁੜ ਗਏ ਹਾਂ।'' ਉਨ੍ਹਾਂ ਇਹ ਵੀ ਕਿਹਾ ਕਿ ਉਹ ਅਜਿਹੇ ਸੱਭਿਆਚਾਰ ਨਾਲ ਜੁੜੇ ਹੋਏ ਹਨ, ਜਿਸ ਨੇ ਉਨ੍ਹਾਂ ਨੂੰ ਮੁਆਫ ਕਰਨਾ ਸਿਖਾਇਆ ਹੈ।
ਦੂਜੇ ਪਾਸੇ ਮੂਲ ਨਿਵਾਸੀਆਂ ਦੇ ਇੱਕ ਆਗੂ ਨੇ ਕਿਹਾ ਕਿ ਇਹ ਕਾਫੀ ਹੈ ਕਿਉਂਕਿ ਲੋਕ ਨਹੀਂ ਜਾਣਦੇ ਕਿ ਉਨ੍ਹਾਂ ਨੇ ਕੀ-ਕੀ ਦਰਦ ਸਹੇ ਹਨ ਤੇ ਉਹ ਕੀ ਕੁੱਝ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੋਰ ਥਾਵਾਂ 'ਤੇ ਵੀ ਮੂਲ-ਨਿਵਾਸੀਆਂ ਦੇ ਬੱਚਿਆਂ ਨਾਲ ਧੱਕਾ ਹੋਇਆ ਹੈ, ਜਿਸ ਦੇ ਵੇਰਵੇ ਕਿਤੇ ਦਰਜ ਨਹੀਂ। ਇਸ ਦੁੱਖ ਨੂੰ ਸਹਿਣ ਕਰਨ ਵਾਲੇ ਸਾਬਕਾ ਵਿਦਿਆਰਥੀਆਂ ਨੇ ਇੱਕ-ਦੂਜੇ ਨੂੰ ਗਲੇ ਲਗਾ ਕੇ ਇਸ ਭਾਵੁਕ ਪਲ ਨੂੰ ਮਾਣਿਆ। ਉਨ੍ਹਾਂ ਕਿਹਾ ਕਿ ਅੱਤਿਆਚਾਰਾਂ ਨੂੰ ਸਹਿਣ ਵਾਲੇ 120 ਸਾਬਕਾ ਵਿਦਿਆਰਥੀ ਉਨ੍ਹਾਂ ਦੇ ਨਾਲ ਨਹੀਂ ਹਨ ਤੇ ਉਹ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਉਹ ਮੋਮਬੱਤੀਆਂ ਜਗਾਉਣਗੇ। 


Related News