ਅਮਰੀਕਾ ਦੇ ਜ਼ਿਆਦਾਤਰ ਖੇਤਰਾਂ ’ਚ ਕਿਰਾਏਦਾਰਾਂ ਨੂੰ ਕੱਢਣ ’ਤੇ ਲੱਗੀ 60 ਦਿਨਾਂ ਦੀ ਪਾਬੰਦੀ

Wednesday, Aug 04, 2021 - 09:21 PM (IST)

ਅਮਰੀਕਾ ਦੇ ਜ਼ਿਆਦਾਤਰ ਖੇਤਰਾਂ ’ਚ ਕਿਰਾਏਦਾਰਾਂ ਨੂੰ ਕੱਢਣ ’ਤੇ ਲੱਗੀ 60 ਦਿਨਾਂ ਦੀ ਪਾਬੰਦੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਹੋ ਰਹੇ ਕੋਰੋਨਾ ਕੇਸਾਂ ’ਚ ਵਾਧੇ ਦੇ ਮੱਦੇਨਜ਼ਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ. ਡੀ. ਸੀ.) ਦੀ ਨਿਰਦੇਸ਼ਕ ਡਾ. ਰੋਸ਼ੇਲ ਵੈਲੇਂਸਕੀ ਵੱਲੋਂ ਜ਼ਿਆਦਾ ਕੋਵਿਡ ਪ੍ਰਭਾਵਿਤ ਕਾਉਂਟੀਆਂ ’ਚ 60 ਦਿਨਾਂ ਲਈ ਕਿਰਾਏਦਾਰਾਂ ਦੀ ਬੇਦਖਲੀ ’ਤੇ ਰੋਕ ਲਾਈ ਗਈ ਹੈ। ਡਾ. ਰੋਸ਼ੇਲ ਵਾਲੈਂਸਕੀ ਵੱਲੋਂ ਜਾਰੀ ਕੀਤੇ ਗਏ ਹੁਕਮ ’ਚ 3 ਅਕਤੂਬਰ ਦੀ ਸ਼ੁਰੂਆਤੀ ਸਮਾਪਤੀ ਮਿਤੀ ਵੀ ਸ਼ਾਮਲ ਹੈ ਪਰ ਵਾਇਰਸ ਦੇ ਫੈਲਣ ਕਰਕੇ ਤਬਦੀਲੀਆਂ ਦੇ ਆਧਾਰ ’ਤੇ ਇਸ ਨੂੰ ਵਧਾਇਆ ਜਾਂ ਰੱਦ ਕੀਤਾ ਜਾ ਸਕਦਾ ਹੈ। ਸੀ. ਡੀ. ਸੀ. ਅਨੁਸਾਰ ਉਹ ਖੇਤਰ, ਜਿਥੇ 7 ਦਿਨਾਂ ਦੀ ਮਿਆਦ ’ਚ ਪ੍ਰਤੀ 1,00,000 ਲੋਕਾਂ ਪਿੱਛੇ ਘੱਟੋ-ਘੱਟ 50 ਕੋਵਿਡ-19 ਕੇਸ ਹਨ, ਜ਼ਿਆਦਾ ਵਾਇਰਸ ਪ੍ਰਭਾਵਿਤ ਖੇਤਰਾਂ ’ਚ ਆਉਂਦੇ ਹਨ।

ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਅਮਰੀਕੀ ਡਾਕਟਰਾਂ ਦਾ ਵੱਡਾ ਉਪਰਾਲਾ, ਭਾਰਤ ਲਈ ਇਕੱਠੇ ਕੀਤੇ 5 ਮਿਲੀਅਨ ਡਾਲਰ

ਏਜੰਸੀ ਦੇ ਅਨੁਸਾਰ ਅਮਰੀਕਾ ਦੀਆਂ 80.87 ਫੀਸੀਦ ਕਾਉਂਟੀਆਂ ਇਸ ਸਮੇਂ ਇਨ੍ਹਾਂ ਸੰਚਾਰ ਦਰਾਂ ਦਾ ਸਾਹਮਣਾ ਕਰ ਰਹੀਆਂ ਹਨ। ਅਮਰੀਕਾ ’ਚ ਵਾਇਰਸ ਦੇ ਡੈਲਟਾ ਰੂਪ ਦੇ ਕਮਿਊਨਿਟੀ ਟ੍ਰਾਂਸਮਿਸ਼ਨ ’ਚ ਤੇਜ਼ੀ ਆਈ ਹੈ, ਜਿਸ ਨੇ ਵਧੇਰੇ ਅਮਰੀਕੀਆਂ ਨੂੰ ਖ਼ਤਰੇ ’ਚ ਪਾ ਦਿੱਤਾ ਹੈ। ਇਸ ਲਈ ਸੀ. ਡੀ. ਸੀ. ਅਨੁਸਾਰ ਇਹ ਪਾਬੰਦੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਰੱਖਣ ਤੇ ਬਾਹਰੀ ਇਕੱਠਾਂ ਤੋਂ ਬਚਾਉਣ ਲਈ ਸਹੀ ਹੈ। ਇਸ ਨਵੀਂ ਪਾਬੰਦੀ ’ਚ ਉਨ੍ਹਾਂ ਮਕਾਨ ਮਾਲਕਾਂ ਲਈ ਅਪਰਾਧਿਕ ਜੁਰਮਾਨੇ ਵੀ ਸ਼ਾਮਲ ਹਨ, ਜੋ ਪ੍ਰਭਾਵਿਤ ਕਾਉਂਟੀਆਂ ’ਚ ਕਿਰਾਏਦਾਰਾਂ ਨੂੰ ਬੇਦਖਲ ਕਰਦੇ ਹਨ। ਜਿਸ ਤਹਿਤ ਇੱਕ ਬੇਦਖਲੀ, ਜਿਸ ਦੇ ਨਤੀਜੇ ਵਜੋਂ ਮੌਤ ਨਹੀਂ ਹੁੰਦੀ, ਦੇ ਲਈ 1,00,000 ਡਾਲਰ ਤੱਕ ਦਾ ਜੁਰਮਾਨਾ ਅਤੇ ਇੱਕ ਸਾਲ ਦੀ ਕੈਦ ਹੋ ਸਕਦੀ ਹੈ, ਜਦਕਿ ਜਿਸ ਬੇਦਖਲੀ ਨਾਲ ਕੋਈ ਮੌਤ ਹੁੰਦੀ ਹੈ ਤਾਂ ਉਸ ਲਈ 2,50,000 ਡਾਲਰ ਤੱਕ ਦਾ ਜੁਰਮਾਨਾ ਅਤੇ ਇੱਕ ਸਾਲ ਦੀ ਕੈਦ ਹੋ ਸਕਦੀ ਹੈ।


author

Manoj

Content Editor

Related News