ਬ੍ਰਿਟੇਨ ਦੇ 98 ਸਾਲਾ ਕੈਦੀ ਦੀ ਹੋਈ ਕੋਰੋਨਾ ਵਾਇਰਸ ਨਾਲ ਮੌਤ

Wednesday, Dec 23, 2020 - 05:53 PM (IST)

ਬ੍ਰਿਟੇਨ ਦੇ 98 ਸਾਲਾ ਕੈਦੀ ਦੀ ਹੋਈ ਕੋਰੋਨਾ ਵਾਇਰਸ ਨਾਲ ਮੌਤ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੋਰੋਨਾਂ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਇਕ 98 ਸਾਲਾਂ ਕੈਦੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਕ੍ਰਿਸਮਸ ਦਿਵਸ 'ਤੇ ਆਪਣੇ ਜੀਵਨ ਦੇ 99ਵੇਂ ਸਾਲ ਵਿੱਚ ਦਾਖਲ ਹੋਣ ਵਾਲਾ ਸੀ।

 
ਕਾਵੈਂਟਰੀ ਨਾਲ ਸੰਬੰਧ ਰੱਖਣ ਵਾਲੇ 98 ਸਾਲਾ ਕ੍ਰਿਸਟੋਫਰ ਸਟੋਵ ਨੂੰ ਪਿਛਲੇ ਸਾਲ ਅਪ੍ਰੈਲ "ਚ, 1970 ਦੇ ਸਾਲ ਦੌਰਾਨ ਇੱਕ ਤਿੰਨ ਤੋਂ ਪੰਜ ਸਾਲਾਂ ਦੀ ਛੋਟੀ ਬੱਚੀ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿਚ ਛੇ ਸਾਲ ਦੀ ਸਜ਼ਾ ਸੁਣਾਈ ਗਈ ਸੀ। ਪਿਛਲੇ ਅਪ੍ਰੈਲ ਵਿੱਚ ਸਟੋਵ ਨੂੰ ਕੈਦ ਦੀ ਸਜ਼ਾ ਦੇਣ ਵੇਲੇ ਜੱਜ ਸਾਰਾ ਬਕਿੰਘਮ ਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ ਸਟੋਵ ਜੇਲ੍ਹ ਵਿੱਚ ਮਰ ਜਾਵੇਗਾ ਅਤੇ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਸਟੋਵ ਦੀ 8 ਦਸੰਬਰ ਨੂੰ ਮੌਤ ਹੋ ਜਾਣ ਤੋਂ ਬਾਅਦ ਜੱਜ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਹੈ। 

ਸਟੋਵ ਨੂੰ 2017 ਵਿਚ ਦਿਲ ਦੀ ਬੀਮਾਰੀ ਦਾ ਵੀ ਸਾਹਮਣਾ ਕਰਨਾ ਪਿਆ, ਉਸ ਦੀ ਨਜ਼ਰ ਵੀ ਘੱਟ ਸੀ ਅਤੇ ਚਮੜੀ ਕੈਂਸਰ ਦਾ ਸ਼ੱਕ ਹੋਣ ਕਾਰਨ ਉਸਨੂੰ ਇੱਕ ਮਾਹਰ ਡਾਕਟਰ ਕੋਲ ਵੀ ਭੇਜਿਆ ਗਿਆ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੈਦੀ ਸਟੋਵ ਨੂੰ ਐਚ ਐਮ ਪੀ ਬਰਮਿੰਘਮ ਵਿੱਚ ਉਸਦੀ ਸੈੱਲ ਤੋਂ ਸ਼ਹਿਰ ਦੇ ਸੇਲੀ ਪਾਰਕ ਵਿੱਚ ਸੇਂਟ ਮੈਰੀ ਹੋਸਪਿਸ ਵਿੱਚ ਦੇਖਭਾਲ ਲਈ ਭੇਜਿਆ ਗਿਆ ਸੀ। ਸਟੋਵ ਤੋਂ ਇਲਾਵਾ ਬ੍ਰਿਟੇਨ ਦਾ ਸਭ ਤੋਂ ਪੁਰਾਣਾ ਕੈਦੀ 104 ਸਾਲਾ ਰਾਲਫ਼ ਕਲਾਰਕ ਮੰਨਿਆ ਜਾਂਦਾ ਹੈ, ਜਿਸ ਨੂੰ ਸਾਲ 1974 ਤੋਂ 1983 ਦਰਮਿਆਨ ਇੱਕ ਲੜਕੇ ਅਤੇ ਦੋ ਲੜਕੀਆਂ 'ਤੇ ਬਦਸਲੂਕੀ ਕਰਨ ਦੇ ਮਾਮਲੇ ਲਈ 2016 ਵਿੱਚ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।


author

Lalita Mam

Content Editor

Related News