ਇਟਲੀ 'ਚ ਕੋਰੋਨਾ ਕਾਰਨ 827 ਮੌਤਾਂ, ਭਾਰਤੀਆਂ ਲਈ ਜਾਵੇਗੀ ਮੈਡੀਕਲ ਟੀਮ
Thursday, Mar 12, 2020 - 09:01 AM (IST)
ਰੋਮ, (ਕੈਂਥ)— ਇਟਲੀ 'ਚ ਕੋਰੋਨਾ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 827 ਹੋ ਗਈ ਹੈ। ਰਾਸ਼ਟਰੀ ਨਾਗਰਿਕ ਸੁਰੱਖਿਆ ਏਜੰਸੀ ਦੇ ਮੁਖੀ ਏਂਜੇਲੋ ਬੋਰੇਲੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਟਲੀ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 12,462 ਹੋ ਚੁੱਕੀ ਹੈ। ਬੋਰੇਲੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 196 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚੋਂ ਵਧੇਰੇ 80 ਤੋਂ 90 ਸਾਲ ਦੀ ਉਮਰ ਵਾਲੇ ਲੋਕ ਹਨ।
ਇਟਲੀ ਦਾ ਉੱਤਰੀ ਲੋਂਮਬਾਰਡੀ ਇਲਾਕਾ ਇਸ ਕਾਰਨ ਸਭ ਤੋਂ ਵਧ ਪ੍ਰਭਾਵਿਤ ਹੋਇਆ ਹੈ, ਜਿੱਥੇ ਸਭ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਇਟਲੀ ਦੇ ਪ੍ਰਧਾਨ ਮੰਤਰੀ ਗਿਓਸੇਪ ਕੋਂਤੇ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉੱਤਰੀ ਅਤੇ ਕੇਂਦਰੀ ਖੇਤਰਾਂ 'ਚ ਯਾਤਰਾ ਸਬੰਧੀ ਰੋਕ ਲਗਾ ਦਿੱਤੀ ਹੈ। ਕੋਰੋਨਾ ਵਾਇਰਸ ਨਾਲ ਮੋਡੇਨਾ, ਪਰਮਾ, ਪਿਆਸੇਂਜਾ, ਰੇਡੀਓ ਐਮਿਲੀਆ, ਰਾਮ ਨੇ, ਪੇਸਾਰੋ ਅਤੇ ਉਰਬਿਨੋ, ਐਲੈਸੈਂਡਰਾ, ਐਸਟੀ, ਨੋਵਾਰਾ, ਵਬਾਰਨੀ ਕਿਊਸਿਓ ਓਸਸੋਲਾ, ਵਰਸੇਲੀ, ਪਾਦੁਆ, ਟ੍ਰੈਵਿਸੋ ਅਤੇ ਵੈਨਿਸ ਆਦਿ ਸਭ ਤੋਂ ਵਧ ਪ੍ਰਭਾਵਿਤ ਖੇਤਰ ਹਨ।
ਭਾਰਤੀਆਂ ਦੀ ਮਦਦ ਲਈ ਇਟਲੀ ਜਾਵੇਗੀ ਮੈਡੀਕਲ ਟੀਮ-
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ ਇਟਲੀ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਜਲਦ ਹੀ ਮੈਡੀਕਲ ਟੀਮ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਿਸ਼ਵ ਦੇ ਕਿਸੇ ਵੀ ਹਿੱਸੇ ਵਿਚ ਰਹਿਣ ਵਾਲੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਕਲਿਆਣ ਲਈ ਵਚਨਬੱਧ ਹੈ। ਜੈਸ਼ੰਕਰ ਨੇ ਈਰਾਨ ਵਿਚ ਕੋਰੋਨਾ ਵਾਇਰਸ ਪ੍ਰਭਾਵਿਤ ਇਲਾਕਿਆਂ ਤੋਂ ਭਾਰਤੀ ਨਾਗਰਿਕਾਂ ਦੀ ਵਾਪਸੀ ਦੀਆਂ ਕੋਸ਼ਿਸ਼ਾਂ 'ਤੇ ਉਪਰਲੇ ਸਦਨ ਵਿਚ ਇਕ ਬਿਆਨ ਵਿਚ ਕਿਹਾ ਕਿ ਇਸ ਵਾਇਰਸ ਤੋਂ ਪ੍ਰਭਾਵਿਤ ਇਟਲੀ ਵਿਚ ਭਾਰਤੀ ਨਾਗਰਿਕ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਵੀਰਵਾਰ ਤੱਕ ਇਟਲੀ ਲਈ ਮੈਡੀਕਲ ਟੀਮ ਭੇਜੀ ਜਾਵੇਗੀ। ਕਾਂਗਰਸ ਦੇ ਏ. ਕੇ. ਐਂਟੋਨੀ ਸਣੇ ਹੋਰ ਮੈਂਬਰਾਂ ਨੇ ਇਟਲੀ ਦੇ ਮਿਲਾਨ ਵਿਚ ਫਸੇ 100 ਤੋਂ ਵੱਧ ਭਾਰਤੀਆਂ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ।