ਅਫਗਾਨਿਸਤਾਨ ''ਚ ਹਵਾਈ ਹਮਲੇ ਦੌਰਾਨ ਇਕ ਬੱਚੇ ਸਣੇ 8 ਨਾਗਰਿਕਾਂ ਦੀ ਮੌਤ
Saturday, Feb 15, 2020 - 03:37 PM (IST)
ਕਾਬੁਲ(ਸਿਨਹੂਆ)- ਅਫਗਾਨਿਸਤਾਨ ਦੇ ਪੂਰਬੀ ਸੂਬੇ ਨਾਂਗਰਹਾਰ ਵਿਚ ਗਠਬੰਧਨ ਫੌਜ ਦੇ ਹਵਾਈ ਹਮਲੇ ਵਿਚ ਇਕ ਬੱਚੇ ਸਣੇ 8 ਸਥਾਨਕ ਪੇਂਡੂਆਂ ਦੀ ਮੌਤ ਹੋ ਗਈ ਹੈ। ਸੂਬਾਈ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਰਖ ਰੋਡ ਜ਼ਿਲੇ ਵਿਚ ਸ਼ੁੱਕਰਵਾਰ ਦੀ ਸ਼ਾਮ ਪੇਂਡੂਆਂ ਨੂੰ ਲਿਜਾ ਰਹੇ ਦੋ ਵਾਹਨਾਂ 'ਤੇ ਜਹਾਜ਼ਾਂ ਨੇ ਮਿਜ਼ਾਇਲਾਂ ਦਾਗੀਆਂ। ਇਹ ਸਾਰੇ ਲੋਕ ਸਥਾਨਕ ਬਾਜ਼ਾਰ ਤੋਂ ਵਾਪਸ ਪਰਤ ਰਹੇ ਸਨ।
ਸੂਬਾਈ ਸਰਕਾਰ ਦੇ ਬੁਲਾਰੇ ਅਤਾਉੱਲਾ ਖੋਗਿਆਨੀ ਨੇ ਦੱਸਿਆ ਕਿ ਨਾਟੋ ਦੀ ਅਗਵਾਈ ਵਾਲੀ ਗਠਬੰਧਨ ਫੌਜ ਨੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਉਹਨਾਂ ਨੇ ਦੱਸਿਆ ਕਿ ਸਥਾਨਕ ਅਧਿਕਾਰੀ ਘਟਨਾ ਵਾਲੀ ਥਾਂ ਦਾ ਦੌਰਾ ਕਰ ਰਹੇ ਹਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸਾਰੇ ਲੋਕ ਸਥਾਨਕ ਨਾਗਰਿਕ ਸਨ। ਅਫਗਾਨਿਸਤਾਨ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2019 ਵਿਚ ਅਫਗਾਨਿਸਤਾਨ ਵਿਚ ਸੰਘਰਸ਼ ਦੀਆਂ ਘਟਨਾਵਾਂ ਵਿਚ ਘੱਟ ਤੋਂ ਘੱਟ 2817 ਨਾਗਰਿਕ ਮਾਰੇ ਗਏ ਤੇ 7955 ਤੋਂ ਵਧੇਰੇ ਲੋਕ ਜ਼ਖਮੀ ਹੋਏ।