ਅਫਗਾਨੀ ਸੁਰੱਖਿਆ ਬਲਾਂ ਨੇ ਤਾਲਿਬਾਨੀ ਜੇਲ ਤੋਂ ਰਿਹਾਅ ਕਰਵਾਏ 67 ਫੌਜੀ
Sunday, Jan 21, 2018 - 05:31 AM (IST)

ਕਾਬੁਲ— ਅਫਗਾਨੀ ਸੁਰੱਖਿਆ ਬਲਾਂ ਨੇ ਹੇਲਮੰਡ ਸੂਬੇ 'ਚ ਇਕ ਤਾਲਿਬਾਨੀ ਜੇਲ ਤੋਂ 67 ਫੌਜੀਆਂ ਤੇ ਪੁਲਸ ਅਧਿਕਾਰੀਆਂ ਨੂੰ ਰਿਹਾਅ ਕਰਵਾ ਲਿਆ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਅਫਗਾਨੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਬਘਰਾਮ ਜ਼ਿਲੇ 'ਚ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ ਤੇ ਰਿਹਾਅ ਕਰਵਾਏ ਗਏ 20 ਲੋਕਾਂ ਨੂੰ ਕੰਧਾਰ ਸੂਬੇ ਨੇੜੇ ਲਿਆਂਦਾ ਜਾਵੇਗਾ। ਬਾਕੀ 47 ਫੌਜੀਆਂ ਨੂੰ ਵੀ ਜਲਦ ਉਥੇ ਪਹੁੰਚਾਇਆ ਜਾਵੇਗਾ।
ਹੇਲਮੰਡ ਸੂਬੇ ਦੇ ਜ਼ਿਆਦਾਤਰ ਇਲਾਕੇ ਤਾਲਿਬਾਨ ਦੇ ਕੰਟਰੋਲ 'ਚ ਹਨ। ਅਫਗਾਨ ਪ੍ਰਸ਼ਾਸਨ ਅੱਤਵਾਦੀਆਂ ਵੱਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਵਾਉਣ ਲਈ ਨਿਯਮਿਤ ਤੌਰ 'ਤੇ ਅਭਿਆਨ ਚਲਾਉਂਦਾ ਰਹਿੰਦਾ ਹੈ। ਅਮਰੀਕੀ ਕਾਂਗਰਸ 'ਚ ਅਫਗਾਨਿਸਤਾਨ ਦੇ ਮੁੜ ਨਿਰਮਾਣ ਦੇ ਵਿਸ਼ੇਸ਼ ਇੰਸਪੈਕਟਰ ਜਨਰਲ ਮੁਤਾਬਕ ਮੌਜੂਦਾ ਸਮੇਂ 'ਚ ਸੂਬੇ ਦੇ 14 ਜ਼ਿਲਿਆਂ 'ਚੋਂ 9 ਤੇ ਜਾਂ ਤਾਂ ਤਾਲਿਬਾਨ ਦਾ ਕੰਟਰੋਲ ਹੈ ਜਾਂ ਉਥੇ ਤਾਲਿਬਾਨ ਦਾ ਖਤਰਾ ਹੈ। ਜਨਵਰੀ 2015 'ਚ ਨਾਟੋ ਦਾ ਲੜਾਕੂ ਮਿਸ਼ਨ ਖਤਮ ਹੋ ਤੋਂ ਬਾਅਦ ਅਫਗਾਨਿਸਤਾਨ 'ਚ ਹਿੰਸਾ ਵਧੀ ਹੈ ਤੇ ਸਰਕਾਰ ਲਗਾਤਾਰ ਬਾਗੀਆਂ ਦੇ ਹੱਥੋਂ ਜ਼ਮੀਨ ਗੁਆਉਂਦੀ ਜਾ ਰਹੀ ਹੈ। ਹੁਣ ਦੇਸ਼ ਦਾ ਸਿਰਫ 57 ਫੀਸਦੀ ਹਿੱਸਾ ਹੀ ਸਰਕਾਰ ਦੇ ਕੰਟਰੋਲ 'ਚ ਹੈ।