ਵੱਡੀ ਉਪਲਬਧੀ : ਭਾਰਤੀ ਮੂਲ ਦੀ 6 ਸਾਲ ਦੀ ਬੱਚੀ ਨੂੰ ਮਿਲਿਆ ਬ੍ਰਿਟਿਸ਼ ਪੀ.ਐੱਮ. ਐਵਾਰਡ

10/08/2021 10:47:49 AM

ਲੰਡਨ (ਬਿਊਰੋ): ਭਾਰਤੀ ਮੂਲ ਦੀ 6 ਸਾਲ ਦੀ ਅਲੀਸ਼ਾ ਗਾਧੀਆ ਨੂੰ ਜੰਗਲਾਂ ਦੀ ਕਟਾਈ ਅਤੇ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਫੈਲਾਉਣ ਦੀਆਂ ਆਪਣੀਆਂ ਮੁਹਿੰਮਾਂ ਲਈ ਵੀਰਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ 'ਪੁਆਇੰਟ ਆਫ ਲਾਈਟ ਐਵਾਰਡ' ਦਿੱਤਾ ਗਿਆ। ਅਲੀਸ਼ਾ ਇਕ ਜਲਵਾਯੂ ਕਾਰਕੁਨ ਹੈ ਅਤੇ ਬ੍ਰਿਟੇਨ ਦੀ ਐੱਨ.ਜੀ.ਓ. ਕੂਲ ਅਰਥ ਦੀ ਮਿਲੀ ਅੰਬੈਸਡਰ ਹੈ। ਉਸ ਨੇ ਆਪਣੇ ਪ੍ਰਚਾਰ ਜ਼ਰੀਏ ਐੱਨ.ਜੀ.ਓ. ਲਈ 3000 ਪੌਂਡ ਇਕੱਠੇ ਕੀਤੇ ਹਨ।

ਮੱਧ ਇੰਗਲੈਂਡ ਦੇ ਨਾਟਿੰਘਮਸ਼ਾਇਰ ਦੇ ਵੈਸਟ ਬ੍ਰਿਜਫੋਰਡ ਦੀ ਰਹਿਣ ਵਾਲੀ ਅਲੀਸ਼ਾ ਨੇ ਆਪਣੇ ਸਕੂਲ ਵਿਚ ਇਕ ਵਿਸ਼ੇਸ ਜਲਵਾਯੂ ਪਰਿਵਰਤਨ ਕਲੱਬ ਵੀ ਬਣਾਇਆ ਹੈ। ਇਸ ਵਿਚ ਉਹ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਲਵਾਯੂ ਦੀ ਦੇਖਭਾਲ, ਕੂੜਾ ਚੁੱਕਣ ਅਤੇ ਪੌਦੇ ਲਗਾਉਣ ਜਿਹੇ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ। ਅਲੀਸ਼ਾ ਕਹਿੰਦੀ ਹੈ,''ਇਸ ਐਵਾਰਡ ਨੂੰ ਲੈਕੇ ਉਹ ਬਹੁਤ ਉਤਸ਼ਾਹਿਤ ਅਤੇ ਖੁਸ਼ ਹੈ। ਪੀ.ਐੱਮ. ਬੋਰਿਸ ਜਾਨਸਨ ਨੇ ਇਸ ਲਈ ਮੈਨੂੰ ਚੁਣਿਆ ਅਤੇ ਇਕ ਪੱਤਰ ਵੀ ਲਿਖਿਆ, ਇਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੈਂ ਕਦੇ ਸੋਚਿਆ ਨਹੀਂ ਸੀ ਕਿ ਇਹ ਐਵਾਰਡ ਮਿਲੇਗਾ। ਮੇਰਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ।''

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਹਿੰਦੂ ਸਮੂਹ ਨੇ 'ਹਿੰਦੂਤਵ ਵਿਰੋਧੀ' ਸੰਮੇਲਨ ਨੂੰ ਲੈ ਕੇ ਯੂਨੀਵਰਸਿਟੀ ਖ਼ਿਲਾਫ਼ ਕੀਤੀ ਸ਼ਿਕਾਇਤ

ਰਸ਼ਕਲਿਫ ਲਈ ਕੰਜ਼ਰਵੇਟਿਵ ਸੰਸਦ ਮੈਂਬਰ ਰੂਥ ਐਡਵਰਡਜ਼ ਨੇ ਕਿਹਾ ਕਿ ਉਹ ਇਹ ਸੁਣ ਕੇ ਖੁਸ਼ ਹਨ ਕਿ ਅਲੀਸ਼ਾ ਨੂੰ ਉਨ੍ਹਾਂ ਦੇ “ਅਦਭੁੱਤ ਕੰਮ” ਲਈ ਵਰਖਾ ਵਣਾਂ ਦੀ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਜਾਗਰੂਕਤਾ ਵਧਾਉਣ ਲਈ “ਮਾਨਤਾ” ਮਿਲੀ ਹੈ।ਉਹਨਾਂ ਮੁਤਾਬਕ,''ਮੈਨੂੰ ਲਗਦਾ ਹੈ ਕਿ ਉਹ ਇੱਕ ਮਹਾਨ ਉਦਾਹਰਣ ਕਾਇਮ ਕਰ ਰਹੀ ਹੈ ਕਿ ਅਸੀਂ ਸਾਰੇ ਆਪਣੇ ਵਾਤਾਵਰਣ ਦੀ ਸਹਾਇਤਾ ਲਈ ਕੀ ਕਰ ਸਕਦੇ ਹਾਂ। ਉਹ ਅਸਲ ਵਿਚ ਇਸ ਪੁਰਸਕਾਰ ਦੇ ਲਾਇਕ ਹੈ।” 

ਬਾਲ ਜਲਵਾਯੂ ਕਾਰਕੁੰਨ ਦੇ ਮਾਪਿਆਂ ਕਿਰਨ ਅਤੇ ਪੂਜਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ "ਬਹੁਤ ਮਾਣ ਹੈ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਲੀਸ਼ਾ ਸੁਰਖੀਆਂ ਵਿੱਚ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਛੇ ਸਾਲ ਦੀ ਬੱਚੀ ਨੇ ਇਕ ਚੁਣੌਤੀ ਲਈ ਅਤੇ 'ਕੂਲ ਅਰਥ' ਲਈ ਪੈਸਾ ਇਕੱਠਾ ਕਰਨ ਲਈ ਆਪਣੇ ਸਕੂਟਰ 'ਤੇ 80 ਕਿਲੋਮੀਟਰ ਦੀ ਸਵਾਰੀ ਕੀਤੀ, ਜਿਸ ਲਈ ਉਸਨੂੰ ਮਹਾਰਾਣੀ ਐਲਿਜ਼ਾਬੈਥ II ਅਤੇ ਵਾਤਾਵਰਣ ਵਿਗਿਆਨੀ ਸਰ ਡੇਵਿਡ ਐਟਨਬਰੋ ਦਾ ਸਮਰਥਨ ਪ੍ਰਾਪਤ ਹੋਇਆ। ਅਲੀਸ਼ਾ ਪ੍ਰਧਾਨ ਮੰਤਰੀ ਦਾ ਪੁਆਇੰਟ ਆਫ਼ ਲਾਈਟ ਐਵਾਰਡ ਪ੍ਰਾਪਤ ਕਰਨ ਵਾਲੀ 1,755ਵੀਂ ਸ਼ਖ਼ਸੀਅਤ  ਬਣ ਗਈ ਹੈ, ਜੋ 2014 ਵਿੱਚ ਆਪਣੇ ਭਾਈਚਾਰਿਆਂ ਵਿੱਚ ਤਬਦੀਲੀ ਲਿਆਉਣ ਵਾਲੇ ਲੋਕਾਂ ਦੇ ਸਨਮਾਨ ਲਈ ਲਾਂਚ ਕੀਤੇ ਗਏ ਸਨ।

ਨੋਟ- ਭਾਰਤੀ ਮੂਲ ਦੀ ਅਲੀਸ਼ਾ ਗਾਧੀਆ ਦੀ ਉਪਲਬਧੀ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News