ਮੈਕਸੀਕੋ ਦੀ ਰਾਜਧਾਨੀ ''ਚ ਮਹਿਸੂਸ ਕੀਤੇ ਗਏ 6.8 ਤੀਬਰਤਾ ਦੇ ਭੂਚਾਲ ਦੇ ਝਟਕੇ
Thursday, Sep 22, 2022 - 01:50 PM (IST)
ਮੈਕਸੀਕੋ ਸਿਟੀ (ਏਜੰਸੀ)- ਮੈਕਸੀਕੋ ਦੀ ਰਾਜਧਾਨੀ ਵਿੱਚ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਭੂਚਾਲ ਦੇ ਝਟਕੇ ਬੁੱਧਵਾਰ ਦੇਰ ਰਾਤ 1 ਵਜੇ ਮਹਿਸੂਸ ਕੀਤੇ ਗਏ। ਤਿੰਨ ਦਿਨ ਪਹਿਲਾਂ ਪੱਛਮੀ ਅਤੇ ਮੱਧ ਮੈਕਸੀਕੋ ਵਿੱਚ ਆਏ 7.6 ਤੀਬਰਤਾ ਦੇ ਭੂਚਾਲ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਪੱਛਮੀ ਮਿਕੋਆਕਨ 'ਚ ਪ੍ਰਸ਼ਾਂਤ ਤੱਟ ਦੇ ਨੇੜੇ ਦੱਖਣ-ਪੱਛਮ 'ਚ ਕਰੀਬ 24.1 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਮਿਕੋਆਕਨ ਦੀ ਸਥਾਨਕ ਸਰਕਾਰ ਨੇ ਕਿਹਾ ਕਿ ਭੂਚਾਲ ਦੇ ਝਟਕੇ ਪੂਰੇ ਰਾਜ ਵਿੱਚ ਮਹਿਸੂਸ ਕੀਤੇ ਗਏ। ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਹੈ। ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਟਵੀਟ ਕੀਤਾ ਕਿ ਇਹ ਸੋਮਵਾਰ ਦੇ ਭੂਚਾਲ ਤੋਂ ਬਾਅਦ ਦੇ ਝਟਕੇ ਸਨ, ਜੋ ਕੋਲੀਮਾ, ਜੈਲਿਸਕੋ ਅਤੇ ਗੁਆਰੇਰੋ ਰਾਜਾਂ ਵਿੱਚ ਵੀ ਮਹਿਸੂਸ ਕੀਤੇ ਗਏ। ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਮੈਕਸੀਕੋ ਸਿਟੀ ਦੀ ਮੇਅਰ ਕਲਾਉਡੀਆ ਸ਼ੇਨਬੌਮ ਨੇ ਟਵੀਟ ਕੀਤਾ ਕਿ ਰਾਜਧਾਨੀ ਵਿੱਚ ਕਿਸੇ ਨੁਕਸਾਨ ਦੀ ਤੁਰੰਤ ਰਿਪੋਰਟ ਨਹੀਂ ਹੈ।