ਅਮਰੀਕਾ 'ਚ ਵ੍ਹਾਈਟ ਹਾਊਸ ਤੱਕ ਫੈਲੀ ਗੁੱਸੇ ਦੀ ਅੱਗ, ਪੁਲਸ ਨੇ 530 ਪ੍ਰਦਰਸ਼ਨਕਾਰੀ ਲਏ ਹਿਰਾਸਤ 'ਚ

05/31/2020 8:33:31 AM

ਵਾਸ਼ਿੰਗਟਨ- ਅਮਰੀਕਾ ਵਿਚ ਨਸਲੀ ਭੇਦ-ਭਾਵ ਦੇ ਵਿਰੋਧ ਦੇ ਨਾਂ 'ਤੇ ਸ਼ੁਰੂ ਹੋਇਆ ਪ੍ਰਦਰਸ਼ਨ ਹਿੰਸਕ ਹੋ ਚੁੱਕਾ ਹੈ। ਪ੍ਰਦਰਸ਼ਨਕਾਰੀ ਥਾਂ-ਥਾਂ ਅੱਗ ਲਗਾ ਰਹੇ ਹਨ। ਕੋਈ ਪੁਲਸ ਵਾਲਿਆਂ 'ਤੇ ਪੱਥਰ ਸੁੱਟ ਰਿਹਾ ਹੈ ਤੇ ਕੋਈ ਬੋਤਲਾਂ। ਸ਼ੁੱਕਰਵਾਰ ਰਾਤ ਤੇ ਸ਼ਨੀਵਾਰ ਸਵੇਰ ਦੌਰਾਨ ਪੁਲਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ, ਜੋ ਹਿੰਸਕ ਪ੍ਰਦਰਸ਼ਨ ਕਰ ਰਹੇ ਸਨ। 20 ਡਾਲਰ ਦਾ ਨਕਲੀ ਨੋਟ ਵਰਤਣ ਦੇ ਦੋਸ਼ ਵਿਚ ਹਿਰਾਸਤ ਵਿਚ ਲਏ ਗਏ ਗੈਰ-ਗੋਰੇ ਅਮਰੀਕੀ ਨਾਗਰਿਕ ਜਾਰਜ ਫਲੋਇਡ ਦੀ ਹਿਰਾਸਤ ਵਿਚ ਹੀ ਦਰਦਨਾਕ ਮੌਤ ਹੋ ਗਈ ਸੀ, ਜਿਸ ਨਾਲ ਅਮਰੀਕਾ ਗੁੱਸੇ ਵਿਚ ਹੈ। ਜਾਰਜ ਨੂੰ ਪੁਲਸ ਅਧਿਕਾਰੀ ਨੇ ਆਪਣੇ ਗੋਡੇ ਹੇਠ ਦਬਾ ਕੇ ਰੱਖਿਆ ਸੀ ਤੇ ਜਾਰਜ ਕਹਿ ਰਿਹਾ ਸੀ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲਸ ਵਾਲੇ ਨੂੰ ਉਸ 'ਤੇ ਤਰਸ ਨਹੀਂ ਆਇਆ ਤੇ ਜਾਰਜ ਦੀ ਮੌਤ ਹੋ ਗਈ। ਇਸ ਦੇ ਬਾਅਦ ਲੋਕਾਂ ਨੇ ਜਾਰਜ ਲਈ ਇਨਸਾਫ ਦੀ ਮੰਗ ਕੀਤੀ ਤੇ ਸੜਕਾਂ 'ਤੇ ਉੱਤਰ ਆਏ। ਲੋਕਾਂ ਦਾ ਦੋਸ਼ ਹੈ ਕਿ ਜਾਰਜ ਗੈਰ-ਗੋਰਾ ਸੀ, ਇਸੇ ਲਈ ਪੁਲਸ ਵਾਲੇ ਨੇ ਉਸ ਨੂੰ ਜਾਨ ਤੋਂ ਹੀ ਮਾਰ ਦਿੱਤਾ। 

PunjabKesari

ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਈ ਥਾਂਵਾਂ 'ਤੇ ਅੱਗ ਲਗਾਈ। ਕੈਲੀਫੋਰਨੀਆ ਦੇ ਆਕਲੈਂਡ ਵਿਚ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀਆਂ ਕਾਰਾਂ ਤੋੜੀਆਂ ਤੇ ਹਿੰਸਕ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ਪੁਲਸ ਕਰਮਚਾਰੀ ਜ਼ਖਮੀ ਹੋਏ ਤੇ ਪੁਲਸ ਨੇ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੁਲਸ ਨੇ 530 ਲੋਕਾਂ ਨੂੰ ਹਿਰਾਸਤ ਵਿਚ ਲਿਆ। ਵ੍ਹਾਈਟ ਹਾਊਸ ਦੇ ਬਾਹਰ ਜਾਰੀ ਵਿਰੋਧ ਪ੍ਰਦਰਸ਼ਨ ਦੌਰਾਨ ਖੁਫੀਆ ਸੇਵਾ ਅਫਸਰ ਦੇ ਸਾਹਮਣੇ ਪ੍ਰਦਰਸ਼ਨਕਾਰੀ ਨਾਅਰੇ ਲਗਾ ਰਹੇ ਸਨ। ਅਟਲਾਂਟਾ ਵਿਚ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ 'ਤੇ ਏਅਰ ਗੰਨ ਨਾਲ ਗੋਲੀ ਵੀ ਦਾਗੀ। ਉਨ੍ਹਾਂ ਉੱਪਰ ਪੱਥਰ, ਬੋਤਲਾਂ ਤੇ ਚਾਕੂ ਵੀ ਸੁੱਟੇ।  ਪੁਲਸ ਨੇ ਲੋਕਾਂ ਨੂੰ ਰੋਕਣ ਲਈ ਪਾਣੀ ਤੇ ਮਿਰਚਾਂ ਦੀ ਸਪ੍ਰੇਅ ਵੀ ਸੁੱਟੀ ਪਰ ਉਹ ਨਾ ਹਟੇ। 
 


Lalita Mam

Content Editor

Related News