ਆਸਟ੍ਰੇਲੀਆ ਦੇ ਟਾਪੂ ''ਤੇ ਇਕੱਠੇ ਹੋਏ 5 ਕਰੋੜ ਆਦਮਖੋਰ ''ਕੇਕੜੇ'' (ਵੀਡੀਓ)

Wednesday, Nov 17, 2021 - 12:58 PM (IST)

ਆਸਟ੍ਰੇਲੀਆ ਦੇ ਟਾਪੂ ''ਤੇ ਇਕੱਠੇ ਹੋਏ 5 ਕਰੋੜ ਆਦਮਖੋਰ ''ਕੇਕੜੇ'' (ਵੀਡੀਓ)

ਮੈਲਬੌਰਨ (ਬਿਊਰੋ): ਸਾਡੀ ਧਰਤੀ 'ਤੇ ਬਹੁਤ ਸਾਰੇ ਜੀਵ-ਜੰਤੂ ਪਾਏ ਜਾਂਦੇ ਹਨ। ਇਹਨਾਂ ਵਿਚੋਂ ਇਕ ਕੇਕੜਾ ਵੀ ਹੈ। ਹਾਲ ਹੀ ਵਿਚ ਆਸਟ੍ਰੇਲੀਆ ਵਿਚ ਸੈਲਾਨੀ ਉਸ ਸਮੇਂ ਦਹਿਸ਼ਤ ਵਿਚ ਆ ਗਏ ਜਦੋਂ ਕ੍ਰਿਸਮਸ ਆਈਲੈਂਡ 'ਤੇ 5 ਕਰੋੜ ਆਦਮਖ਼ੋਰ(cannibal) ਕੇਕੜੇ ਪੁਲਾਂ ਅਤੇ ਸੜਕਾਂ 'ਤੇ ਆ ਗਏ। ਲਾਲ ਰੰਗ ਦੇ ਇਹ ਕੇਕੜੇ ਸਮੁੰਦਰ ਵੱਲ ਜਾ ਰਹੇ ਸਨ ਤਾਂ ਜੋ ਬੱਚਿਆਂ ਨੂੰ ਜਨਮ ਦਿੱਤਾ ਜਾ ਸਕੇ। ਇਹ ਕੇਕੜੇ ਹਰ ਸਾਲ ਉੱਤਰ-ਪੱਛਮੀ ਆਸਟ੍ਰੇਲੀਆ ਦੇ ਜੰਗਲਾਂ ਤੋਂ ਨੈਸ਼ਨਲ ਪਾਰਕ ਦੇ ਕੰਢਿਆਂ ਵੱਲ ਪਰਵਾਸ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਧਰਤੀ 'ਤੇ ਕਿਸੇ ਵੀ ਜੀਵ ਦਾ ਸਭ ਤੋਂ ਵੱਡਾ ਪ੍ਰਵਾਸ ਹੁੰਦਾ ਹੈ। ਜਦੋਂ ਕੇਕੜੇ ਜਾਂਦੇ ਹਨ ਤਾਂ ਇਹ ਪੂਰਾ ਕ੍ਰਿਸਮਸ ਟਾਪੂ ਲਾਲ ਹੋ ਜਾਂਦਾ ਹੈ।

ਇੰਨੀ ਵੱਡੀ ਗਿਣਤੀ 'ਚ ਕੇਕੜਿਆਂ ਨੂੰ ਦੇਖ ਕੇ ਉੱਥੇ ਮੌਜੂਦ ਸੈਲਾਨੀ ਅਤੇ ਸਥਾਨਕ ਲੋਕ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਵੀਡੀਓ ਅਤੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਾਂ, ਸੜਕਾਂ, ਚੱਟਾਨਾਂ ਅਤੇ ਹੋਰ ਥਾਵਾਂ 'ਤੇ ਸਿਰਫ਼ ਕੇਕੜੇ ਹੀ ਨਜ਼ਰ ਆਏ। ਇਹ ਸਾਰੇ ਬੱਚਿਆਂ ਨੂੰ ਜਨਮ ਦੇਣ ਲਈ ਸਮੁੰਦਰ ਵੱਲ ਵੱਧ ਰਹੇ ਸਨ। ਕ੍ਰਿਸਮਸ ਆਈਲੈਂਡ ਦੇ ਸਟਾਫ ਨੇ ਕਈ ਮਹੀਨੇ ਪਹਿਲਾਂ ਹੀ ਇੰਨੇ ਸਾਰੇ ਕੇਕੜਿਆਂ ਦਾ ਸਵਾਗਤ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

 

 
ਕੇਕੜਿਆਂ ਨੂੰ ਸੰਭਾਲਣ ਲਈ ਕੀਤੀ ਗਈ ਤਿਆਰੀ
ਕੇਕੜਿਆਂ ਦੇ ਆਗਮਨ ਦੀ ਸੂਚਨਾ ਪਹੁੰਚਦੇ ਹੀ ਇਹਨਾਂ ਦੇ ਲੰਘਣ ਲਈ ਖਾਸਤੌਰ 'ਤੇ ਪੁਲ ਬਣਾਏ ਜਾਂਦੇ ਹਨ। ਡਾਕਟਰ ਤਾਨਿਆ ਡੇਟੋ ਨੇ ਡੇਲੀ ਮੇਲ ਆਸਟ੍ਰੇਲੀਆ ਨੂੰ ਦੱਸਿਆ ਕਿ 2005 ਤੋਂ ਬਾਅਦ ਪਹਿਲੀ ਵਾਰ ਇਸ ਖੇਤਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਕੇਕੜੇ ਪ੍ਰਵਾਸ 'ਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 5 ਕਰੋੜ ਕੇਕੜਿਆਂ ਨੂੰ ਸੰਭਾਲਣ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ ਤਾਂ ਜੋ ਉਹ ਸੁਰੱਖਿਅਤ ਢੰਗ ਨਾਲ ਫਲਾਇੰਗ ਫਿਸ਼ ਕੋਵ ਤੱਕ ਦੀ ਯਾਤਰਾ ਪੂਰੀ ਕਰ ਸਕਣ। 

 

ਤਾਨਿਆ ਨੇ ਕਿਹਾ ਕਿ ਕੁਝ ਕੇਕੜੇ ਤਿੰਨ ਮੰਜ਼ਿਲਾ ਇਮਾਰਤਾਂ 'ਤੇ ਚੜ੍ਹ ਗਏ ਹਨ ਜਾਂ ਟਾਪੂ ਦੀ ਉਚਾਈ ਤੋਂ ਡਿੱਗ ਗਏ ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਜਾਨ ਬੱਚ ਜਾਵੇਗੀ। ਮਾਹਰਾਂ ਮੁਤਾਬਕ ਹਰ ਸਾਲ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਪਹਿਲੀ ਬਾਰਿਸ਼ ਤੋਂ ਬਾਅਦ ਇਹ ਕੇਕੜੇ ਬੱਚੇ ਪੈਦਾ ਕਰਨ ਲਈ ਚਲੇ ਜਾਂਦੇ ਹਨ। ਇਲਾਕੇ ਵਿੱਚ ਕੁਝ ਦਿਨਾਂ ਦੀ ਭਾਰੀ ਬਰਸਾਤ ਤੋਂ ਬਾਅਦ ਨਰ ਕੇਕੜੇ ਆਪਣੇ ਘਰ ਛੱਡ ਕੇ ਫਿਰ ਕੰਢਿਆਂ ਵੱਲ ਚਲੇ ਜਾਂਦੇ ਹਨ। ਇਹ ਉਹ ਥਾਂ ਹੈ ਜਿੱਥੇ ਉਹ ਆਪਣੀ ਮਾਦਾ ਕੇਕੜਿਆਂ ਨੂੰ ਮਿਲਦੇ ਹਨ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ 194 ਨਵੇਂ ਕਮਿਊਨਿਟੀ ਕੇਸ ਦਰਜ, 15 ਦਸੰਬਰ ਨੂੰ ਖੁਲ੍ਹਣਗੀਆਂ ਆਕਲੈਂਡ ਦੀਆਂ ਸਰਹੱਦਾਂ 

ਅਗਲੇ 5-6 ਦਿਨਾਂ ਵਿਚ ਦੇਣਗੇ 1 ਲੱਖ ਆਂਡੇ
ਉਹਨਾਂ ਨੇ ਦੱਸਿਆ ਕਿ ਹਰੇਕ ਮਾਦਾ ਕੇਕੜਾ ਹਿੰਦ ਮਹਾਸਾਗਰ ਵਿਚ ਅਗਲੇ 5 ਜਾਂ 6 ਦਿਨਾਂ ਤੱਕ 1 ਲੱਖ ਆਂਡੇ ਦੇਵੇਗੀ।ਇੱਕ ਮਹੀਨੇ ਬਾਅਦ ਲਾਲ ਰੰਗ ਦੇ ਇਹ ਬੱਚੇ ਕਿਨਾਰਿਆਂ ਵੱਲ ਆਉਣਗੇ ਅਤੇ ਕ੍ਰਿਸਮਸ ਟਾਪੂ ਦੇ ਵਰਖਾਵਨਾਂ ਵੱਲ ਚੱਲੇ ਜਾਣਗੇ। ਹਾਲਾਂਕਿ ਸਮੁੰਦਰ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਰਸਤੇ ਵਿੱਚ ਮੱਛੀਆਂ ਅਤੇ ਸ਼ਾਰਕ ਖਾ ਲੈਂਦੀਆਂ ਹਨ, ਜੋ ਹਰ ਸਾਲ ਇਸ ਮੌਕੇ ਵਿੱਚ ਇੱਥੇ ਮੌਜੂਦ ਰਹਿੰਦੀਆਂ ਹਨ। ਹਰ ਸਾਲ ਦੁਨੀਆ ਭਰ ਤੋਂ ਵੱਡੀ ਗਿਣਤੀ 'ਚ ਸੈਲਾਨੀ ਇਹਨਾਂ ਨੂੰ ਦੇਖਣ ਲਈ ਇੱਥੇ ਪਹੁੰਚਦੇ ਹਨ। ਇਹ ਕੇਕੜੇ ਆਦਮਖੋਰ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ। ਦੁਨੀਆ ਵਿਚ ਸਭ ਤੋਂ ਵੱਧ ਲਾਲ ਕੇਕੜੇ ਕ੍ਰਿਸਮਸ ਆਈਲੈਂਡ 'ਤੇ ਪਾਏ ਜਾਂਦੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News