ਅਮਰੀਕਾ 'ਚ 4 ਭਾਰਤੀ ਨੌਜਵਾਨ ਗ੍ਰਿਫਤਾਰ, ਆਪਣੇ ਹੀ ਹਮਵਤਨ ਦਾ ਕਤਲ ਕਰਨ ਦੇ ਲੱਗੇ ਦੋਸ਼

Tuesday, Dec 31, 2024 - 12:45 PM (IST)

ਅਮਰੀਕਾ 'ਚ 4 ਭਾਰਤੀ ਨੌਜਵਾਨ ਗ੍ਰਿਫਤਾਰ, ਆਪਣੇ ਹੀ ਹਮਵਤਨ ਦਾ ਕਤਲ ਕਰਨ ਦੇ ਲੱਗੇ ਦੋਸ਼

ਨਿਊਜਰਸੀ (ਰਾਜ ਗੋਗਨਾ)- ਅਮਰੀਕੀ ਸਟੇਟ ਨਿਊ ਜਰਸੀ ਵਿੱਚ ਇੱਕ 35 ਸਾਲਾ ਭਾਰਤੀ ਵਿਅਕਤੀ ਦੀ ਮੌਤ ਦੇ ਸਬੰਧ ਵਿੱਚ ਗ੍ਰੀਨਵੁੱਡ ਇੰਡੀਆਨਾ ਰਾਜ ਦੇ ਰਹਿਣ ਵਾਲੇ 4 ਭਾਰਤੀ ਨੌਜਵਾਨਾਂ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। 35 ਸਾਲਾ ਕੁਲਦੀਪ ਕੁਮਾਰ ਦੀ ਮੌਤ ਦੇ ਸਬੰਧ ਵਿਚ ਸੌਰਵ ਕੁਮਾਰ (23), ਗੌਰਵ ਸਿੰਘ (27), ਨਿਰਮਲ ਸਿੰਘ (30) ਅਤੇ ਗੁਰਦੀਪ ਸਿੰਘ (22) 'ਤੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਹਨ। ਓਸ਼ੀਅਨ ਕਾਉਂਟੀ, ਨਿਊਜਰਸੀ ਦੇ ਪ੍ਰੌਸੀਕਿਊਟਰ ਅਨੁਸਾਰ ਲੰਘੀ 14 ਦਸੰਬਰ ਨੂੰ ਮੈਨਚੈਸਟਰ ਟਾਊਨਸ਼ਿਪ, ਨਿਊ ਜਰਸੀ ਵਿੱਚ ਗ੍ਰੀਨਵੁੱਡ ਵਾਈਲਡਲਾਈਫ ਮੈਨੇਜਮੈਂਟ ਖੇਤਰ 'ਚੋਂ ਗਲੀ ਸੜੀ ਹਾਲਤ ਵਿੱਚ ਇਕ ਵਿਅਕਤੀ ਦੀ ਲਾਸ਼ ਮਿਲਣ ਸਬੰਧੀ ਸੂਚਨਾ ਮਿਲੀ ਸੀ। 

ਇਹ ਵੀ ਪੜ੍ਹੋ: ਟਰੰਪ ਨੂੰ ਵੱਡਾ ਝਟਕਾ, ਇਸ ਮਾਮਲੇ 'ਚ ਅਪੀਲ ਰੱਦ, 50 ਲੱਖ ਡਾਲਰ ਜੁਰਮਾਨੇ ਦਾ ਹੁਕਮ ਬਰਕਰਾਰ

ਕਾਉਂਟੀ ਦੇ ਮੈਡੀਕਲ ਜਾਂਚਕਰਤਾ ਦੇ ਦਫ਼ਤਰ ਨੇ ਇਹ ਸਿੱਟਾ ਕੱਢਿਆ ਕਿ ਵਿਅਕਤੀ ਦੀ ਮੌਤ ਛਾਤੀ 'ਤੇ ਕਈ ਗੋਲੀਆਂ ਵੱਜਣ ਕਾਰਨ ਹੋਈ ਸੀ ਅਤੇ ਇਸ ਨੂੰ ਕਤਲ ਮੰਨਿਆ ਗਿਆ ਸੀ। ਐੱਫ.ਬੀ.ਆਈ. ਦੀ ਮਦਦ ਨਾਲ ਉਸ ਵਿਅਕਤੀ ਦੀ ਪਛਾਣ ਭਾਰਤੀ ਮੂਲ ਦੇ ਕੁਲਦੀਪ ਕੁਮਾਰ ਵਜੋਂ ਹੋਈ। 26 ਅਕਤੂਬਰ, 2024 ਨੂੰ ਪਰਿਵਾਰ ਦੇ ਇੱਕ ਮੈਂਬਰ ਨੇ ਕੁਮਾਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਾਈ ਸੀ। ਬਾਅਦ ਵਿਚ ਜਾਂਚ ਵਿਚ ਕੁਲਦੀਪ ਕੁਮਾਰ ਦੀ ਮੌਤ 'ਚ ਸੌਰਵ ਕੁਮਾਰ, ਗੌਰਵ ਸਿੰਘ, ਨਿਰਮਲ ਸਿੰਘ ਅਤੇ ਗੁਰਦੀਪ ਸਿੰਘ ਦੀ ਸ਼ਮੂਲੀਅਤ ਪਾਈ ਗਈ।  

ਇਹ ਵੀ ਪੜ੍ਹੋ: ਬ੍ਰਿਟੇਨ: ਕਿੰਗ ਚਾਰਲਸ ਦੀ 2025 ਨਿਊ ਈਅਰ ਆਨਰਜ਼ ਲਿਸਟ 'ਚ ਭਾਰਤੀ ਮੂਲ ਦੇ 30 ਲੋਕ ਸ਼ਾਮਲ

20 ਦਸੰਬਰ ਨੂੰ ਇਨ੍ਹਾਂ 4 ਭਾਰਤੀਆਂ ਨੂੰ ਓਸ਼ੀਅਨ ਕਾਉਂਟੀ ਪ੍ਰੌਸੀਕਿਊਟਰ ਦੇ ਦਫ਼ਤਰ ਮੇਜਰ ਕ੍ਰਾਈਮ ਯੂਨਿਟ, ਨਿਊ ਜਰਸੀ ਸਟੇਟ ਪੁਲਸ ਮੇਜਰ ਕ੍ਰਾਈਮ ਯੂਨਿਟ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਗ੍ਰੀਨਵੁੱਡ ਪੁਲਸ ਵਿਭਾਗ ਦੇ ਜਾਸੂਸਾਂ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਚਾਰਾਂ ਨੂੰ ਜੌਹਨਸਨ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਿੱਥੇ ਉਹ ਨਿਊ ਜਰਸੀ ਵਿੱਚ ਹਵਾਲਗੀ ਦੀ ਉਡੀਕ ਕਰ ਰਹੇ ਹਨ।  ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਵਿਆਪਕ ਜਾਂਚ ਤੋਂ ਬਾਅਦ ਨਿਊਜਰਸੀ ਰਾਜ ਪੁਲਸ ਅਤੇ ਓਸ਼ੀਅਨ ਕਾਉਂਟੀ ਪ੍ਰੌਸੀਕਿਊਟਰ ਦਫਤਰ ਨੇ ਦੋਸ਼ ਲਗਾਇਆ ਕਿ ਸੌਰਵ ਕੁਮਾਰ, ਗੌਰਵ ਸਿੰਘ, ਨਿਰਮਲ ਸਿੰਘ ਅਤੇ ਗੁਰਦੀਪ ਸਿੰਘ ਨੇ ਮਿਲ ਕੇ ਕੁਲਦੀਪ ਕੁਮਾਰ ਦੇ ਕਤਲ ਨੂੰ ਅੰਜਾਮ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News