ਸ਼੍ਰੀਲੰਕਾ : ਬੰਬ ਧਮਾਕਿਆਂ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 359

04/24/2019 10:26:25 AM

ਕੋਲੰਬੋ— ਸ਼੍ਰੀਲੰਕਾ 'ਚ ਐਤਵਾਰ ਨੂੰ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ 359 ਹੋ ਗਈ ਹੈ। ਜਾਂਚ ਅਧਿਕਾਰੀਆਂ ਵਲੋਂ ਬਹੁਤ ਸਾਰੇ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਦੇ ਬੁਲਾਰੇ ਨੇ ਬੁੱਧਵਾਰ ਸਵੇਰੇ ਦੱਸਿਆ ਕਿ 18 ਸ਼ੱਕੀਆਂ ਨੂੰ ਮੰਗਲਵਾਰ ਨੂੰ ਰਾਤ ਸਮੇਂ ਹਿਰਾਸਤ 'ਚ ਲਿਆ ਗਿਆ ਹੈ ਅਤੇ ਹੁਣ ਤਕ 58 ਸ਼ੱਕੀ ਹਿਰਾਸਤ 'ਚ ਹਨ। 

ਐਤਵਾਰ ਨੂੰ ਹੋਏ ਧਮਾਕਿਆਂ ਤੋਂ ਬਾਅਦ ਵੱਡੀ ਗਿਣਤੀ 'ਚ ਜਾਂਚ ਅਧਿਕਾਰੀ ਥਾਂ-ਥਾਂ 'ਤੇ ਜਾਂਚ ਕਰ ਰਹੇ ਹਨ, ਜਿਸ ਤਹਿਤ ਕਈ ਹੋਰ ਬੰਬ ਧਮਾਕਿਆਂ ਨੂੰ ਅਸਫਲ ਕਰ ਦਿੱਤਾ ਗਿਆ ਹੈ ਪਰ ਹਰੇਕ ਦੇ ਮਨ 'ਚ ਇਕ ਸਵਾਲ ਹੈ ਕਿ ਜਿਸ ਸਮੇਂ ਅਧਿਕਾਰੀਆਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਧਮਾਕੇ ਹੋ ਸਕਦੇ ਹਨ ਤਦ ਅਜਿਹੀ ਚੁਸਤੀ ਕਿਉਂ ਨਹੀਂ ਦਿਖਾਈ ਗਈ। 

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜਿਸ ਸਮੇਂ ਲੋਕ ਈਸਟਰ ਦੀ ਖੁਸ਼ੀ ਮਨਾ ਰਹੇ ਸਨ ਤਾਂ ਕਈ ਚਰਚਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਧਮਾਕੇ ਕੀਤੇ ਗਏ। ਇਨ੍ਹਾਂ 'ਚ ਕਈ ਵਿਦੇਸ਼ੀ ਲੋਕਾਂ ਦੀ ਵੀ ਮੌਤ ਹੋਈ। ਭਾਰਤ ਦੇ 10 ਲੋਕਾਂ ਦੀ ਮੌਤ ਧਮਾਕਿਆਂ 'ਚ ਹੋਈ। ਬੀਤੇ ਦਿਨ ਲਗਭਗ 60 ਲਾਸ਼ਾਂ ਦਾ ਸੰਸਕਾਰ ਕੀਤਾ ਗਿਆ। ਪੂਰਾ ਸ਼੍ਰੀਲੰਕਾ ਇਸ ਸਮੇਂ ਦੁੱਖ ਦੇ ਸੈਲਾਬ 'ਚ ਡੁੱਬਿਆ ਹੋਇਆ ਹੈ।


Related News