ਪਾਕਿਸਤਾਨ ’ਚ TLP ਦੇ ਪ੍ਰਦਰਸ਼ਨ ਦੌਰਾਨ 3 ਪੁਲਸ ਕਰਮਚਾਰੀਆਂ ਦੀ ਮੌਤ, ਸਰਕਾਰ ਨੇ ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ
Saturday, Oct 23, 2021 - 03:46 PM (IST)
ਲਾਹੌਰ : ਪਾਕਿਸਤਾਨ ਦੇ ਸ਼ਹਿਰ ਲਾਹੌਰ ’ਚ ਪ੍ਰਦਰਸ਼ਨ ਦੌਰਾਨ 3 ਪੁਲਸ ਕਰਮਚਾਰੀਆਂ ਦੀ ਮੌਤ ਤੋਂ ਬਾਅਦ ਇਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਦੇ ਅਨੁਸਾਰ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਕਾਰਕੁੰਨਾਂ ਤੇ ਲਾਹੌਰ ’ਚ ਪੁਲਸ ਕਰਮਚਾਰੀਆਂ ਵਿਚਾਲੇ ਝੜਪ ਹੋ ਗਈ ਸੀ। ਇਸ ਦੌਰਾਨ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਸ ਵਾਲਿਆਂ ’ਤੇ ਆਪਣੇ ਵਾਹਨ ਚਲਾਉਣ ਤੋਂ ਬਾਅਦ ਤਿੰਨ ਪਾਕਿਸਤਾਨੀ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ ਸਨ। ਮਾਮਲਾ ਵਧਦਾ ਦੇਖ ਪ੍ਰਸ਼ਾਸਨ ਨੇ ਇਥੋਂ ਦੇ ਕਈ ਇਲਾਕਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਅੰਦਰੂਨੀ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਡੇਟਾ ਦਰਬਾਰ, ਸ਼ਾਹਦਰਾ ਤੇ ਰਵੀ ਬ੍ਰਿਜ ਖੇਤਰਾਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਮਾਰੇ ਗਏ ਦੋ ਪੁਲਸ ਅਧਿਕਾਰੀਆਂ ਦੀ ਪਛਾਣ ਅਯੂਬ ਤੇ ਖਾਲਿਦ ਦੇ ਤੌਰ ’ਤੇ ਹੋਈ ਹੈ।
ਤੀਸਰੇ ਅਧਿਕਾਰੀ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ ਪਰ ਸੂਬਾਈ ਮੁੱਖ ਮੰਤਰੀ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ‘ਡਾਨ’ ਅਨੁਸਾਰ, ਤਿੰਨ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਹੁਸੈਨ ਨੇ ਕਿਹਾ ਕਿ ਕਈ ਹੋਰ ਲੋਕ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ’ਤੇ ਪੈਟਰੋਲ ਬੰਬ ਵੀ ਸੁੱਟੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਅਜਿਹੀ ਹਾਲਤ ’ਚ ਗੁੱਸੇ ’ਚ ਭੀੜ ਨੇ ਲਾਠੀਆਂ ਦੀ ਵੀ ਵਰਤੋਂ ਕੀਤੀ ਤੇ ਪਥਰਾਅ ਵੀ ਕੀਤਾ। ਉਨ੍ਹਾਂ ਕਿਹਾ ਕਿ ਅਧਿਕਾਰੀ ਹਿੰਸਾ ਦੇ ਬਾਵਜੂਦ ਸੰਜਮ ਦਿਖਾ ਰਹੇ ਹਨ।