ਕੈਨੇਡੀਅਨ MPs ਨੇ ਅਫਗਾਨ ਸਿੱਖਾਂ ਤੇ ਹਿੰਦੂਆਂ ਲਈ ਕੀਤੀ ਇਹ ਵਿਸ਼ੇਸ਼ ਮੰਗ
Friday, Jul 31, 2020 - 03:14 PM (IST)
ਓਟਾਵਾ— ਭਾਰਤ ਵੱਲੋਂ ਅਫਗਾਨਿਸਤਾਨ ਤੋਂ ਸਿੱਖਾਂ ਦੇ ਪਹਿਲੇ ਸਮੂਹ ਦੀ ਵਾਪਸੀ ਦੀ ਸੁਵਿਧਾ ਪਿੱਛੋਂ 25 ਕੈਨੇਡੀਅਨ ਸੰਸਦ ਮੈਂਬਰਾਂ (ਐੱਮ. ਪੀਜ਼.) ਨੇ ਵੀ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੂੰ ਚਿੱਠੀ ਲਿਖ ਕੇ ਅਫਗਾਨ ਸਿੱਖ ਅਤੇ ਹਿੰਦੂਆਂ ਲਈ ਇਕ ਵਿਸ਼ੇਸ਼ ਸ਼ਰਨਾਰਥੀ ਪ੍ਰੋਗਰਾਮ ਦੀ ਮੰਗ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਕੈਨੇਡਾ ਲਿਆਂਦਾ ਜਾ ਸਕੇ।
ਇਸ ਵਿਸ਼ੇਸ਼ ਪ੍ਰੋਗਰਾਮ ਦੀ ਮੰਗ ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ (ਸੀ. ਪੀ. ਸੀ.) ਦੇ 16, ਨਿਊ ਡੈਮੋਕਰੇਟਿਕ ਪਾਰਟੀ ਆਫ਼ ਕੈਨੇਡਾ (ਐੱਨ. ਡੀ. ਪੀ.) ਦੇ 6 ਅਤੇ ਗ੍ਰੀਨ ਪਾਰਟੀ ਦੇ 3 ਮੈਂਬਰਾਂ ਵੱਲੋਂ ਕੀਤੀ ਗਈ ਹੈ।
ਚਿੱਠੀ 'ਚ“ਅਫਗਾਨਿਸਤਾਨ 'ਚ ਧਾਰਮਿਕ ਘੱਟ ਗਿਣਤੀ, ਖ਼ਾਸਕਰ ਸਿੱਖਾਂ ਅਤੇ ਹਿੰਦੂਆਂ ਦੀ ਹੋਂਦ ਨੂੰ ਲੈ ਕੇ ਖ਼ਤਰੇ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਹੈ। ਸੰਸਦ ਮੈਂਬਰਾਂ ਨੇ 25 ਮਾਰਚ, 2020 ਨੂੰ ਕਾਬੁਲ ਦੇ ਗੁਰਦੁਆਰਾ ਸ੍ਰੀ ਗੁਰੂ ਹਰ ਰਾਏ ਸਾਹਿਬ ਵਿਖੇ ਹੋਏ ਅੱਤਵਾਦੀ ਹਮਲੇ ਦਾ ਵੀ ਜ਼ਿਕਰ ਕੀਤਾ ਹੈ, ਜਿਸ 'ਚ ਚਾਰ ਸਾਲਾ ਤਾਨੀਆ ਕੌਰ ਸਣੇ 25 ਸਿੱਖ ਸ਼ਰਧਾਲੂ ਮਾਰੇ ਗਏ ਸਨ। ਸੰਸਦ ਮੈਂਬਰਾਂ ਨੇ ਸਹਿਜਧਾਰੀ ਸਿੱਖ ਨਿਦਾਨ ਸਿੰਘ ਅਤੇ 13 ਸਾਲ ਦੀ ਲੜਕੀ ਸਲਮੀਤ ਕੌਰ ਦੇ ਅਗਵਾ ਹੋਣ ਤੋਂ ਇਲਾਵਾ 18 ਜੁਲਾਈ ਨੂੰ ਜਲਾਲਾਬਾਦ 'ਚ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ, ਜਿਸ 'ਚ 19 ਲੋਕਾਂ ਦੀ ਮੌਤ ਹੋ ਗਈ ਸੀ। ਗੌਰਤਲਬ ਹੈ ਕਿ ਨਿਦਾਨ ਅਤੇ ਸਲਮੀਤ ਸਮੇਤ 11 ਸਿੱਖ ਸ਼ਨੀਵਾਰ ਨੂੰ ਭਾਰਤ ਪਹੁੰਚੇ ਹਨ।
ਅਫਗਾਨਿਸਤਾਨ 'ਚ ਰਹਿਣ ਵਾਲੇ ਨਿਦਾਨ ਸਿੰਘ ਨੂੰ ਤਾਲਿਬਾਨ ਨੇ ਅਗਵਾ ਕਰ ਲਿਆ ਸੀ ਅਤੇ ਬਾਅਦ 'ਚ ਭਾਰਤ ਸਰਕਾਰ ਦੇ ਦਬਾਅ ਕਾਰਨ ਉਨ੍ਹਾਂ ਦੀ ਰਿਹਾਈ ਸੰਭਵ ਹੋ ਸਕੀ। ਸਿੰਘ ਦੀ ਰਿਹਾਈ ਲਈ ਉਨ੍ਹਾਂ ਦੀ ਪਤਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ।