ਅਮਰੀਕਾ ਭਾਰਤ ਨੂੰ ਦੋਸਤੀ ਦੇ ਤੋਹਫੇ ਵਜੋਂ ਦੇਵੇਗਾ 200 ਵੈਂਟੀਲੇਟਰ, ਦਿੱਤਾ ਸਪੱਸ਼ਟੀਕਰਨ
Tuesday, May 19, 2020 - 03:25 PM (IST)
ਵਾਸ਼ਿੰਗਟਨ- ਅਮਰੀਕਾ ਨੇ ਉਹਨਾਂ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਰਾਸ਼ਟਰਪਚੀ ਡੋਨਾਲਡ ਟਰੰਪ ਨੇ ਜੋ 200 ਵੈਂਟੀਲੇਟਰ ਦੇਣ ਦਾ ਵਾਅਦਾ ਕੀਤਾ ਹੈ, ਉਹਨਾਂ ਦੀ ਕੀਮਤ ਦੇਣੀ ਹੋਵੇਗੀ। ਯੂ.ਐਸ. ਏਡ ਦੀ ਐਕਟਿੰਗ ਡਾਇਰੈਕਟਰ ਰਮੋਨਾ ਐਲ. ਹਮਜ਼ਾਈ ਨੇ ਸੀ.ਐਨ.ਐਨ. ਦੇ ਸਵਾਲ ਦੇ ਜਵਾਬ ਵਿਚ ਸਪੱਸ਼ਟ ਕੀਤਾ ਕਿ ਇਹ ਵੈਂਟੀਲੇਟਰ ਭਾਰਤ ਨੂੰ ਦੋਸਤੀ ਦੇ ਤੋਹਫੇ ਦੇ ਰੂਪ ਵਿਚ ਦਾਨ ਕੀਤਾ ਗਏ ਹਨ, ਉਹਨਾਂ ਦੀ ਕੀਮਤ ਨਹੀਂ ਚੁਕਾਉਣੀ ਪਵੇਗੀ। ਉਹਨਾਂ ਨੇ ਅੱਗੇ ਕਿਹਾ ਕਿ ਇਹਨਾਂ ਵਿਚੋਂ 50 ਜਲਦ ਹੀ ਭਾਰਤ ਪਹੁੰਚ ਜਾਣਗੇ।
ਰਮੋਨਾ ਨੇ ਉਹਨਾਂ ਸਾਰੀਆਂ ਰਿਪੋਰਟਾਂ ਨੂੰ ਫਰਜ਼ੀ ਦੱਸਿਆ, ਜਿਸ ਵਿਚ ਕਿਹਾ ਗਿਆ ਸੀ ਕਿ ਵੈਂਟੀਲੇਟਰ ਪੁਰਾਣੇ ਹਨ ਤੇ ਉਹਨਾਂ ਨੂੰ ਸੁਧਾਰ ਕੇ ਭਾਰਤ ਨੂੰ ਦਿੱਤਾ ਜਾ ਰਿਹਾ ਹੈ। ਰਮੋਨਾ ਨੇ ਕਿਹਾ ਕਿ ਅਜਿਹਾ ਨਹੀਂ ਹੈ ਤੇ ਇਹ ਸਾਰੀਆਂ ਖਬਰਾਂ ਗਲਤ ਹਨ। ਦੱਸ ਦਈਏ ਕਿ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਸਣੇ ਕਈ ਮੀਡੀਆ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਤੋਂ 200 ਮੋਬਾਇਲ ਵੈਂਟੀਲੇਟਰਾਂ ਨੂੰ ਏਅਰਲਿਫਟ ਕਰਕੇ ਜੂਨ ਦੇ ਪਹਿਲੇ ਹਫਤੇ ਲਿਆਂਦਾ ਜਾ ਸਕਦਾ ਹੈ। ਹਰ ਵੈਂਟੀਲੇਟਰ ਦੀ ਕੀਮਤ ਇਕ ਮਿਲੀਅਨ ਯਾਨੀ 10 ਲੱਖ ਰੁਪਏ ਹੈ। ਇਸ ਤਰ੍ਹਾਂ ਨਾਲ 200 ਵੈਂਟੀਲੇਟਰਾਂ ਦੀ ਕੀਮਤ 2.6 ਮਿਲੀਅਨ ਡਾਲਰ ਆਵੇਗੀ। ਇਸ ਨੂੰ ਲੈ ਕੇ ਭੂਸ਼ਣ ਨੇ ਕਿਹਾ ਸੀ ਕਿ ਮੋਦੀ-ਟਰੰਪ ਦੀ ਦੋਸਤੀ ਦਾ ਮਤਲਬ ਹੈ ਕਿ ਮੈਨੂੰ ਮੇਰੇ ਦੇਸ਼ ਦਾ ਖਜ਼ਾਨਾ ਤੁਹਾਡੇ ਅਮੀਰਾ ਲਈ ਖੋਲ੍ਹ ਦੇਣ ਦਿਓ ਤੇ ਤੁਸੀਂ ਆਪਣੇ ਲਈ ਖੋਲ੍ਹ ਦਿਓ।
ਟਰੰਪ ਨੇ ਕੀਤਾ ਸੀ ਵੈਂਟੀਲੇਟਰ ਦੇਣ ਦਾ ਐਲਾਨ
ਦੱਸ ਦਈਏ ਕਿ ਟਰੰਪ ਨੇ ਟਵੀਟ ਕਰਕੇ ਵੈਂਟੀਲੇਟਰ ਦੇਣ ਦਾ ਐਲਾਨ ਕੀਤਾ ਸੀ। ਉਹਨਾਂ ਨੇ ਲਿਖਿਆ ਸੀ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਮਰੀਕਾ ਆਪਣੇ ਦੋਸਤ ਭਾਰਤ ਨੂੰ ਵੈਂਟੀਲੇਟਰ ਦਾਨ ਕਰੇਗਾ। ਅਸੀਂ ਇਸ ਮਹਾਮਾਰੀ ਵਿਚ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਾਂ। ਅਸੀਂ ਵੈਕਸੀਨ ਬਣਾਉਮ 'ਤੇ ਵੀ ਸਹਿਯੋਗ ਕਰ ਰਹੇ ਹਾਂ। ਅਸੀਂ ਮਿਲ ਕੇ ਅਦਿੱਖ ਦੁਸ਼ਮਣ ਨੂੰ ਹਰਾ ਦੇਵਾਂਗੇ।
ਇਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਟਰੰਪ ਦਾ ਧੰਨਵਾਦ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਉਸ ਦੌਰਾਨ ਕਿਹਾ ਸੀ ਕਿ ਧੰਨਵਾਦ ਡੋਨਾਲਡ ਟਰੰਪ, ਇਸ ਮਹਾਮਾਰੀ ਨਾਲ ਮੁਕਾਬਲਾ ਕਰਨ ਵਿਚ ਅਸੀਂ ਇਕੱਠੇ ਹਾਂ। ਅਜਿਹੇ ਸਮੇਂ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਦੇਸ਼ ਆਪਸ ਵਿਚ ਮਿਲ ਕੇ ਕੰਮ ਕਰੇ ਤੇ ਹਰ ਮੁਮਕਿਨ ਕੋਸ਼ਿਸ਼ ਕਰੇ ਕਿ ਵਿਸ਼ਵ ਸਿਹਤਮੰਦ ਹੋਣ ਦੇ ਨਾਲ ਕੋਵਿਡ ਮੁਕਤ ਵੀ ਹੋ ਜਾਵੇ।