ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਦੌੜੇ 18 ਕੈਦੀ, ਇਕ ਦੀ ਗੋਲੀ ਲੱਗਣ ਨਾਲ ਮੌਤ

Monday, Jul 01, 2024 - 06:06 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਸਥਿਤ ਇਕ ਜੇਲ੍ਹ ਤੋਂ ਘੱਟੋ-ਘੱਟ 18 ਖ਼ਤਰਨਾਕ ਅਪਰਾਧੀ ਇਕ ਸੁਰੱਖਿਆ ਕਰਮੀ 'ਤੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਰਾਰ ਕੈਦੀਆਂ 'ਚੋਂ 6 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਘਟਨਾ ਸ਼ੁੱਕਰਵਾਰ ਨੂੰ ਰਾਵਲਕੋਟ ਜੇਲ੍ਹ 'ਚ ਹੋਈ, ਜਦੋਂ ਇਕ ਕੈਦੀ ਨੇ ਸੁਰੱਖਿਆ ਕਰਮੀ ਨੂੰ ਪਿਸਤੌਲ ਦਾ ਡਰ ਦਿਖਾ ਕੇ ਜੇਲ੍ਹ ਦੀਆਂ ਚਾਬੀਆਂ ਖੋਹ ਲਈਆਂ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਰਾਰ ਹੋਣ ਵਾਲੇ 18 ਕੈਦੀਆਂ 'ਚੋਂ 6 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਤਿੰਨ ਹੋਰ ਕੈਦੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।

ਅਧਿਕਾਰੀ ਨੇ ਦੱਸਿਆ ਕਿ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਹੋਰ ਕੈਦੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਹ (ਕੈਦੀ) 5 ਸਾਲ ਕੈਦ ਦੀ ਸਜ਼ਾ ਕੱਟ ਰਿਹਾ ਸੀ। ਪੁਲਸ ਨੇ ਇਲਾਕੇ 'ਚ ਖੋਜ ਮੁਹਿੰਮ ਸ਼ੁਰੂ ਕੀਤੀ ਹੈ। ਇਸ ਵਿਚ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਜੇਲ੍ਹ ਮੁਖੀ ਅਤੇ ਕੁਝ ਹੋਰ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਕੁਝ ਅਧਿਕਾਰੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਸਮਾ ਟੀਵੀ ਦੀ ਖ਼ਬਰ ਅਨੁਸਾਰ, ਰਾਵਲਕੋਟ ਜੇਲ੍ਹ ਦੇ ਡਿਪਟੀ ਸੁਪਰਡੈਂਟ ਸਮੇਤ 7 ਅਧਿਕਾਰੀਆਂ ਨੂੰ ਹਿਰਾਸਤ 'ਚ ਲੈ ਕੇ ਸੁਰੱਖਿਆ ਉਲੰਘਣਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖ਼ਬਰ ਅਨੁਸਾਰ, ਸੁਰੱਖਿਆ ਚੂਕ ਦੇ ਮੱਦੇਨਜ਼ਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀਆਂ ਸਾਰੀਆਂ ਜੇਲ੍ਹਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸਰਕਾਰ ਨੇ ਕੈਦੀਆਂ ਦੇ ਫਰਾਰ ਹੋਣ ਦੇ ਕਾਰਨਾਂ ਦੀ ਜਾਂਚ ਲਈ ਇਕ ਨਿਆਇਕ ਕਮਿਸ਼ਨ ਦੇ ਗਠਨ ਦੀ ਅਪੀਲ ਕੀਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News