ਪੰਜਾਬ ਸੂਬੇ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ
Monday, Jun 26, 2023 - 09:29 AM (IST)
ਨਾਰੋਵਾਲ (ਏਜੰਸੀ): ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖ਼ਮੀ ਹੋ ਗਏ। ਮਾਰੇ ਗਏ ਲੋਕ ਨਾਰੋਵਾਲ, ਸਿਆਲਕੋਟ ਅਤੇ ਸ਼ੇਖੂਪੁਰਾ ਦੇ ਸਨ, ਜਿੱਥੇ ਮੋਹਲੇਧਾਰ ਮੀਂਹ ਕਾਰਨ ਇਹ ਘਟਨਾ ਵਾਪਰੀ। ਨਾਰੋਵਾਲ ਪੰਜਾਬ ਸੂਬੇ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਸ਼ਹਿਰ ਹੈ।
ARY ਨਿਊਜ਼ ਅਨੁਸਾਰ, ਨਾਰੋਵਾਲ ਦੇ ਡਿਪਟੀ ਕਮਿਸ਼ਨਰ (ਡੀਸੀ) ਦੇ ਅਨੁਸਾਰ ਮੀਂਹ ਕਾਰਨ ਰਤਨਪੁਰ, ਪੰਚ ਪੀਰ ਅਤੇ ਚੰਗਾਵਾਲੀ ਵਿੱਚ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 5 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਸ਼ੇਖੂਪੁਰਾ ਦੇ ਪਿੰਡ ਮੰਡਿਆਲਾ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 1 ਅਤੇ ਸਿਆਲਕੋਟ ਦੀ ਪਸਰੂਰ ਤਹਿਸੀਲ 'ਚ 5 ਲੋਕਾਂ ਦੀ ਮੌਤ ਹੋ ਗਈ। ਮੌਨਸੂਨ ਤੋਂ ਪਹਿਲਾਂ ਦੇ ਮੀਂਹ ਨੇ ਪਾਕਿਸਤਾਨ ਨੂੰ ਪ੍ਰਭਾਵਿਤ ਕੀਤਾ ਹੈ। 26 ਜੂਨ ਤੋਂ 29 ਜੂਨ ਤੱਕ ਬਲੋਚਿਸਤਾਨ, ਦੱਖਣੀ ਪੰਜਾਬ ਅਤੇ ਸਿੰਧ ਵਿੱਚ ਵੀ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।