ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ ''ਤੇ ਉੱਤਰੇ ਟਿੱਪਰ ਮਾਲਕ, ਜੰਮ ਕੇ ਕੀਤੀ ਨਾਅਰੇਬਾਜ਼ੀ
Thursday, Aug 25, 2022 - 03:43 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਗੁਪਤਾ ) : ਟਿੱਪਰ ਮਾਲਕਾਂ ਨੂੰ ਪੁਲਸ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਰੋਕਣ ਸਬੰਧੀ ਅੱਜ ਹਰਵਿੰਦਰਪਾਲ ਸਿੰਘ ਸੋਨੂੰ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ 'ਚ ਅਧਨੰਗੇ ਕੱਪੜਿਆਂ ਵਿਚ 100 ਟਿੱਪਰਾਂ ਚਾਲਕਾਂ ਦਾ ਇਕ ਵਿਸ਼ਾਲ ਕਾਫ਼ਲਾ ਚੌਲਾਂਗ ਟੋਲ ਪਲਾਜ਼ੇ ਤੋਂ ਮਾਨਸਰ ਟੋਲ ਪਲਾਜ਼ੇ ਤੱਕ ਰੋਸ ਪ੍ਰਦਰਸ਼ਨ ਕਰਦੇ ਹੋਏ ਰਵਾਨਾ ਹੋਇਆ, ਜਿਸ 'ਚ ਜਲੰਧਰ ਤੋਂ ਮਨਦੀਪ ਸਿੰਘ ਅਤੇ ਮੁਕੇਰੀਆਂ ਤੋਂ ਸੰਦੀਪ ਸਿੰਘ ਦੀ ਅਗਵਾਈ 'ਚ ਵੱਡੀ ਗਿਣਤੀ ਵਿੱਚ ਟਿੱਪਰ ਚਾਲਕ ਸ਼ਾਮਲ ਹੋਏ। ਇਸ ਮੌਕੇ ਟਿੱਪਰ ਮਾਲਕਾਂ ਤੇ ਚਾਲਕਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਪੱਕੇ ਮੋਰਚੇ 'ਚ ਗੂੰਜੇ ਨਾਅਰੇ, "ਦੁੱਧ ਉਤਪਾਦਕ ਹੀ ਨਹੀਂ ਹੋਣਗੇ ਤਾਂ ਦੁੱਧ ਕਿੱਥੋਂ ਆਵੇਗਾ"
ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਭੁੱਲਾ ਅਤੇ ਹਰਵਿੰਦਰ ਪਾਲ ਸਿੰਘ ਸੋਨੂੰ ਨੇ ਕਿਹਾ ਕਿ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਕਿਸੇ ਵੀ ਵਪਾਰੀ, ਦੁਕਾਨਦਾਰ ਅਤੇ ਟਰਾਂਸਪੋਰਟ ਮਾਲਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਪਰ ਸਰਕਾਰ ਦੇ ਮਾਈਨਿੰਗ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੇ ਟਿੱਪਰ ਮਾਲਕਾਂ 'ਤੇ ਹੋ ਰਹੇ ਤਸ਼ੱਦਦ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਮਾਈਨਿੰਗ ਸਬੰਧੀ ਨਵੀਂ ਪਾਲਿਸੀ ਲਾਗੂ ਨਹੀਂ ਕਰਦੀ ਉਦੋਂ ਤੱਕ ਟਿੱਪਰ ਚਾਲਕਾਂ ਨੂੰ ਹਿਮਾਚਲ ਸਟੇਟ ਆਦਿ ਤੋਂ ਪਹਿਲਾਂ ਵਾਂਗ ਕਰੈਸ਼ਰ ਅਤੇ ਰੇਤਾ ਆਦਿ ਲਿਆਉਣ 'ਤੇ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਰਾਤ ਦੇ ਸਮੇਂ ਲਗਾਏ ਗਏ ਪੁਲਸ ਨਾਕਿਆਂ 'ਤੇ ਕੀਤੀ ਜਾ ਰਹੀ ਵਸੂਲੀ ਨੂੰ ਫੌਰਨ ਬੰਦ ਕੀਤਾ ਜਾਵੇ ਅਤੇ ਟਿੱਪਰ ਚਾਲਕਾਂ ਦੇ ਚਲਾਨ ਰੱਦ ਕੀਤੇ ਜਾਣ।
ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਜਾਇਜ਼ ਮੰਗਾਂ 26 ਅਗਸਤ ਤੱਕ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਅਗਲੇ ਸੰਘਰਸ਼ ਦੀ ਰਣਨੀਤੀ ਤੈਅ ਕਰਕੇ ਪੁਤਲੇ ਫੂਕ ਪ੍ਰਦਰਸ਼ਨ ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਇਸ ਮੌਕੇ "ਪੰਜਾਬ ਸਰਕਾਰ ਮੁਰਦਾਬਾਦ", "ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ" ਆਦਿ ਨਾਅਰੇ ਲਗਾਉਂਦੇ ਹੋਏ ਟਿੱਪਰ ਮਾਲਕਾਂ ਤੇ ਚਾਲਕਾਂ ਦਾ ਇਕ ਵਿਸ਼ਾਲ ਕਾਫਲਾ ਚੌਲਾਂਗ ਟੋਲ ਪਲਾਜ਼ਾ ਤੋਂ ਮਾਨਸਰ ਟੋਲ ਪਲਾਜ਼ਾ ਤੱਕ ਰਵਾਨਾ ਹੋਇਆ। ਇਸ ਮੌਕੇ ਅਮਰਿੰਦਰ ਸਿੰਘ, ਮਨਜੀਤ ਸਿੰਘ ਸੱਗੂ, ਮਨਦੀਪ ਸਿੰਘ ਖਿਆੜਾ, ਸਤੀਸ਼ ਸੈਣੀ, ਹਰਮੇਸ਼ ਪ੍ਰਭਾਕਰ, ਐਮ ਸੀ ਬੂਰੇਵਾਲ, ਦੀਪਕ ਪ੍ਰਭਾਕਰ, ਹਰਦੀਪ ਸਿੰਘ ਖੁਰਾਨਾ ਅਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ : PAU ਦੇ ਵਿਦਿਆਰਥੀਆਂ ਦਾ ਅਨੌਖਾ ਪ੍ਰਦਰਸ਼ਨ, ਪੰਜਾਬ ਸਰਕਾਰ ਨੂੰ ਜਗਾਉਣ ਲਈ ਚੁਣਿਆ ਇਹ ਰਾਹ