ਕੈਲਸ਼ੀਅਮ ਨਾਲ ਭਰਪੂਰ ਹਨ ਇਹ ਚੀਜ਼ਾਂ, ਭੋਜਨ ''ਚ ਜ਼ਰੂਰ ਕਰੋ ਸ਼ਾਮਲ

11/14/2018 4:30:19 PM

ਨਵੀਂ ਦਿੱਲੀ— ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਪਰ ਕੁਝ ਲੋਕਾਂ ਨੂੰ ਦੁੱਧ ਪੀਣਾ ਪਸੰਦ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਹੋਰ ਚੀਜ਼ਾਂ ਦਾ ਸੇਵਨ ਕਰਕੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਸਰੀਰ 'ਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ ਚਲੋ ਜਾਣਦੇ ਹਾਂ ਸਰੀਰ ਲਈ ਕੈਲਸ਼ੀਅਮ ਕਿਉਂ ਜ਼ਰੂਰੀ ਹੈ ਅਤੇ ਕਿਵੇਂ ਇਸ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। 
 

ਸਰੀਰ ਲਈ ਕਿਉਂ ਜ਼ਰੂਰੀ ਹੈ ਕੈਲਸ਼ੀਅਮ?
ਕੈਲਸ਼ੀਅਮ ਨਰਵਸ ਸਿਸਟਮ ਰਾਹੀਂ ਮਾਸਪੇਸ਼ੀਆਂ ਨੂੰ ਗਤੀਸ਼ੀਲ ਬਣਾਉਂਦਾ ਹੈ। ਜੇਕਰ ਖੂਨ 'ਚ ਨਿਸ਼ਚਿਤ ਮਾਤਰਾ 'ਚ ਕੈਲਸ਼ੀਅਮ ਘੁਲਿਆ ਹੋਇਆ ਹੋਵੇ ਤਾਂ ਸਰੀਰ ਦੀਆਂ ਕੋਸ਼ਿਕਾਵਾਂ ਹਰ ਪਲ ਕੰਮ ਕਰਨ ਲਈ ਸਕ੍ਰਿਯ ਰਹਿਣਗੀਆਂ। ਇਸ ਨਾਲ ਹੱਡੀਆਂ ਮਜ਼ਬੂਤ ਹੋਣ ਦੇ ਨਾਲ-ਨਾਲ ਹਾਈ ਬਲੱਡ ਪ੍ਰੈਸ਼ਰ, ਕੈਂਸਰ ਅਤੇ ਡਾਇਬਿਟੀਜ਼ ਤੋਂ ਵੀ ਬਚਾਅ ਰਹਿੰਦਾ ਹੈ।
 

ਵਧਦੀ ਉਮਰ 'ਚ ਕਿਉਂ ਜ਼ਰੂਰੀ ਹੈ ਕੈਲਸ਼ੀਅਮ?
30 ਸਾਲ ਦੀ ਉਮਰ ਤਕ ਹੱਡੀਆਂ ਪੂਰੀ ਤਰ੍ਹਾਂ ਨਾਲ ਵਿਕਸਿਤ ਹੋ ਜਾਂਦੀਆਂ ਹਨ। ਸਰੀਰ ਨੂੰ ਕੈਲਸ਼ੀਅਮ ਦੀ ਜ਼ਰੂਰਤ ਉਦੋਂ ਵੀ ਹੁੰਦੀ ਹੈ। ਇਸ ਸਮੇਂ ਹਰੇਕ ਵਿਅਕਤੀ ਨੂੰ ਰੋਜ਼ਾਨਾ 1500 ਮਿ.ਲੀ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇਸ ਉਮਰ 'ਚ ਕੈਲਸ਼ੀਅਮ ਦੀ ਕਮੀ ਹੋਣ 'ਤੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਨਾਲ ਹੀ ਕੈਂਸਰ, ਦਿਲ ਅਤੇ ਆਸਟਿਓਪੋਰੋਸਿਸ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। 
 

ਔਰਤਾਂ 'ਚ ਵੀ ਹੁੰਦੀ ਹੈ ਸਭ ਤੋਂ ਜ਼ਿਆਦਾ ਕਮੀ 
ਮਰਦਾਂ ਦੇ ਮੁਕਾਬਲੇ ਔਰਤਾਂ 'ਚ ਕੈਲਸ਼ੀਅਮ ਦੀ ਕਮੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਹਾਵਾਰੀ, ਗਰਭ ਅਵਸਥਾ, ਮੋਨੋਪਾਜ ਦੇ ਸਮੇਂ ਉਨ੍ਹਾਂ ਦੇ ਸਰੀਰ 'ਚ ਕੈਲਸ਼ੀਅਮ ਦੀ ਖਪਤ ਵਧ ਜਾਂਦੀ ਹੈ। ਅਜਿਹੇ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਇਸ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ।
 

ਕੈਲਸ਼ੀਅਮ ਨਾਲ ਭਰਪੂਰ ਫੂਡਸ 
 

1. ਬੀਜ
ਚਿਆ ਸੀਡ, ਅਲਸੀ, ਕੱਦੂ ਅਤੇ ਤਿਲ ਦੇ ਬੀਜ ਕੈਲਸ਼ੀਅਮ ਦੇ ਚੰਗੇ ਸਰੋਤ ਹੁੰਦੇ ਹਨ। ਇਨ੍ਹਾਂ 'ਚ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਅਤੇ ਓਮੇਗਾ-3 ਫੈਟੀ ਐਸਿਡ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ ਜਿਸ ਦਾ ਸੇਵਨ ਤੁਹਾਨੂੰ ਸਿਹਤਮੰਦ ਰੱਖਣ 'ਚ ਮਦਦ ਕਰੇਗਾ। 
 

2. ਦਹੀਂ
ਇਕ ਕੱਪ ਪਲੇਨ ਦਹੀਂ 'ਚ 30 ਫੀਸਦੀ ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ, ਪੋਟਾਸ਼ੀਅਮ, ਵਿਟਾਮਿਨ ਬੀ2 ਅਤੇ ਬੀ12 ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਇਸ ਦਾ ਸੇਵਨ ਕਰ ਸਕਦੇ ਹੋ।
 

3. ਬੀਨਸ 
ਇਕ ਕੱਪ ਬੀਨਸ 'ਚ 24 ਫੀਸਦੀ ਤਕ ਕੈਲਸ਼ੀਅਮ ਹੁੰਦਾ ਹੈ। ਇਸ ਲਈ ਬੀਨਸ ਦਾ ਸੇਵਨ ਕਰਨ ਨਾਲ ਸਰੀਰ 'ਚ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ। 
 

4. ਪਨੀਰ 
ਪਨੀਰ ਦਾ ਸੇਵਨ ਕਰਨ ਨਾਲ ਵੀ ਸਰੀਰ 'ਚ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ। ਇਸ 'ਚ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਨਾਲ ਤੁਸੀਂ ਕਈ ਹੈਲਥ ਸਬੰਧੀ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
 

5. ਬਾਦਾਮ
ਬਾਦਾਮ ਖਾਣ ਨਾਲ ਸਿਰਫ ਦਿਮਾਗ ਹੀ ਤੇਜ਼ ਨਹੀਂ ਹੁੰਦਾ ਸਗੋਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਕਿਉਂਕਿ ਬਾਦਾਮ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਅਜਿਹੇ 'ਚ ਤੁਸੀਂ ਵੀ ਬਾਦਾਮ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। 
 

6. ਪਾਲਕ 
ਪਾਲਕ 'ਚ ਵੀ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। 100 ਗ੍ਰਾਮ ਪਾਲਕ 'ਚ 99 ਮਿ.ਲੀ ਕੈਲਸ਼ੀਅਮ ਹੁੰਦਾ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਹਫਤੇ 'ਚ ਘੱਟ ਤੋਂ ਘੱਟ 3 ਵਾਰ ਪਾਲਕ ਜ਼ਰੂਰ ਖਾਓ।
 

7. ਸੋਇਆ ਦੁੱਧ ਜਾਂ ਟੋਫੂ
ਜੇਕਰ ਤੁਹਾਨੂੰ ਵੀ ਦੁੱਧ ਪੀਣਾ ਪਸੰਦ ਨਹੀਂ ਹੈ ਤਾਂ ਤੁਸੀਂ ਸੋਇਆ ਦੁੱਧ ਜਾਂ ਟੋਫੂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ 'ਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ।
 

8. ਭਿੰਡੀ 
ਇਕ ਕੋਲੀ ਭਿੰਡੀ 'ਚ 40 ਗ੍ਰਾਮ ਕੈਲਸ਼ੀਅਮ ਹੁੰਦਾ ਹੈ। ਇਸ ਨੂੰ ਹਫਤੇ 'ਚ ਦੋ ਵਾਰ ਖਾਣ ਨਾਲ ਦੰਦ ਖਰਾਬ ਨਹੀਂ ਹੁੰਦੇ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
 


Neha Meniya

Content Editor

Related News