ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ ਇਹ ''ਸ਼ਾਕਾਹਾਰੀ ਚੀਜ਼ਾਂ'', ਸੇਵਨ ਕਰਨ ''ਤੇ ਸਰੀਰ ਨੂੰ ਹੋਣਗੇ ਕਈ ਫ਼ਾਇਦੇ

12/26/2023 6:41:22 PM

ਜਲੰਧਰ - ਸਾਡਾ ਸਰੀਰ ਪ੍ਰੋਟੀਨ ਦਾ ਬਣਿਆ ਹੁੰਦਾ ਹੈ। ਇਸੇ ਲਈ ਸਰੀਰ ਨੂੰ ਸਿਹਤਮੰਦ ਰਹਿਣ ਲਈ ਪ੍ਰੋਟੀਨ ਨਾਲ ਭਰਪੂਰ ਖ਼ੁਰਾਕ ਦੀ ਜ਼ਰੂਰਤ ਹੁੰਦੀ ਹੈ। ਪ੍ਰੋਟੀਨ ਨਾਲ ਭਰਪੂਰ ਖੁਰਾਕ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦੀ ਟੁੱਟ-ਭੱਜ ਠੀਕ ਰਹਿੰਦੀ ਹੈ। ਬੀਮਾਰੀਆਂ ਤੋਂ ਜਲਦੀ ਛੁਟਕਾਰਾ ਮਿਲਦਾ ਹੈ। ਸਰੀਰ ਤਾਕਤਵਰ ਰਹਿੰਦਾ ਹੈ। ਰੋਜ਼ਾਨਾ ਕਸਰਤ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਰੋਜ਼ਾਨਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡਾ ਸਰੀਰ ਤਰੋਤਾਜ਼ਾ  ਅਤੇ ਊਰਜਾਵਾਨ ਹੋ ਜਾਵੇ। ਪ੍ਰੋਟੀਨ ਨਾਲ ਭਰਪੂਰ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਰੀਰ ਹੋਰ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

ਮਾਸਾਹਾਰੀ ਤੋਂ ਜ਼ਿਆਦਾ ਸ਼ਾਕਾਹਾਰੀ ਖੁਰਾਕ 'ਚ ਹੁੰਦੈ ਜ਼ਿਆਦਾ ਪ੍ਰੋਟੀਨ 
ਸਭ ਜਾਣਦੇ ਹਨ ਕਿ ਮੀਟ ਅਤੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਸ਼ਾਕਾਹਾਰੀ ਭੋਜਨ ਵਿੱਚ ਪ੍ਰੋਟੀਨ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ। ਹਾਲਾਂਕਿ, ਇਹ ਇੱਕ ਮਿੱਥ ਹੈ, ਕਿਉਂਕਿ ਸ਼ਾਕਾਹਾਰੀ ਭੋਜਨ ਵੀ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਸਰੀਰ ਸਿਹਤਮੰਦ, ਤੰਦਰੁਸਤ, ਫਿੱਟ ਅਤੇ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। 

ਪ੍ਰੋਟੀਨ ਨਾਲ ਭਰਪੂਰ ਇਨ੍ਹਾਂ ਸ਼ਾਕਾਹਾਰੀ ਚੀਜ਼ਾਂ ਦਾ ਕਰੋ ਸੇਵਨ

ਉਬਲੇ ਹੋਏ ਛੋਲੇ
200 ਗ੍ਰਾਮ ਉਬਲੇ ਹੋਏ ਛੋਲੇ ਰੋਜ਼ਾਨਾ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ। ਪ੍ਰੋਟੀਨ ਤੋਂ ਇਲਾਵਾ ਛੋਲਿਆਂ ਵਿੱਚ 40% ਫਾਈਬਰ, 70% ਫੋਲੇਟ ਅਤੇ 22% ਆਇਰਨ ਦੀ ਮਾਤਰਾ ਵੀ ਪਾਈ ਜਾਂਦੀ ਹੈ। ਛੋਲੇ ਖਾਣ ਨਾਲ ਢਿੱਡ ਲੰਬੇ ਸਮੇਂ ਲਈ ਭਰਿਆ ਹੋਇਆ ਮਹਿਸੂਸ ਰਹਿੰਦਾ ਹੈ, ਜਿਸ ਨਾਲ ਭੁੱਖ ਨਹੀਂ ਲੱਗਦੀ। ਇਹ ਹਾਈ ਬਲੱਡ ਸ਼ੂਗਰ ਦੇ ਪੱਧਰ ਨੂੰ ਰੋਕਣ 'ਚ ਮਦਦ ਕਰਦਾ ਹੈ।

ਰੋਜ਼ਾਨਾ 2 ਵਾਰ ਦੁੱਧ ਦਾ ਸੇਵਨ
ਰੋਜ਼ਾਨਾ 2 ਵਾਰ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰਾ ਪ੍ਰੋਟੀਨ ਮਿਲਦਾ ਹੈ। ਪ੍ਰੋਟੀਨ ਦਾ ਇੱਕ ਭਰਪੂਰ ਸਰੋਤ ਹੋਣ ਤੋਂ ਇਲਾਵਾ, ਦੁੱਧ ਕੈਲਸ਼ੀਅਮ ਨਾਲ ਭਰਪੂਰ ਵੀ ਹੁੰਦਾ ਹੈ। ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਅਤੇ ਸਿਹਤਮੰਦ ਰਹਿੰਦੀਆਂ ਹਨ। ਨਾਲ ਹੀ ​​ਦੰਦ ਅਤੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਚਮੜੀ ਚਮਕਦਾਰ ਬਣੀ ਰਹਿੰਦੀ ਹੈ। 

ਰਾਜਮਾ ਦਾ ਸੇਵਨ
ਰਾਜਮਾ ਖਾਣ ਨਾਲ ਵੀ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ। ਰਾਜਮਾ ਪ੍ਰੋਟੀਨ ਦੇ ਨਾਲ-ਨਾਲ ਕਾਰਬੋਹਾਈਡਰੇਟ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਰਾਜਮਾ-ਚਾਵਲ ਭਾਰਤੀ ਘਰਾਂ ਵਿੱਚ ਬਣਿਆ ਇੱਕ ਪਸੰਦੀਦਾ ਪਕਵਾਨ ਹੈ। ਸੁਆਦੀ ਹੋਣ ਤੋਂ ਇਲਾਵਾ, ਇਹ ਇੱਕ ਪੌਸ਼ਟਿਕ ਭੋਜਨ ਵੀ ਹੈ। ਰਾਜਮਾ ਦਾ ਸੇਵਨ ਲੋਕ ਸਲਾਦ ਵਿੱਚ ਟੌਪਿੰਗ ਜਾਂ ਕੁਝ ਮੈਕਸੀਕਨ ਪਕਵਾਨਾਂ ਦੇ ਹਿੱਸੇ ਵਜੋਂ ਕਰ ਸਕਦੇ ਹਨ। 

ਦਾਲਾਂ ਦਾ ਸੇਵਨ
ਬਹੁਤ ਸਾਰੀਆਂ ਕਿਸਮਾਂ ਦੀਆਂ ਦਾਲਾਂ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਦਾਲਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਆਸਾਨੀ ਨਾਲ ਪ੍ਰੋਟੀਨ ਮਿਲ ਜਾਂਦਾ ਹੈ। ਮਾਹਿਰਾਂ ਅਨੁਸਾਰ 100 ਗ੍ਰਾਮ ਪਕਾਈ ਗਈ ਦਾਲ ਵਿੱਚ ਲਗਭਗ 9.02 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਲਈ ਸ਼ਾਕਾਹਾਰੀ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਦਾਲਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਹਰੇ ਮਟਰਾਂ ਦਾ ਕਰੋ ਸੇਵਨ
ਹਰੇ ਮਟਰਾਂ ਵਿੱਚ ਵੀ ਪ੍ਰੋਟੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਪ੍ਰੋਟੀਨ ਤੋਂ ਇਲਾਵਾ ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਫੋਲੇਟ ਆਦਿ ਪੋਸ਼ਕ ਤੱਤ ਵੀ ਹੁੰਦੇ ਹਨ। ਦੱਸ ਦੇਈਏ ਕਿ 100 ਗ੍ਰਾਮ ਹਰੇ ਮਟਰਾਂ ਵਿੱਚ 4.71 ਗ੍ਰਾਮ ਪ੍ਰੋਟੀਨ ਹੁੰਦਾ ਹੈ।

ਮੂੰਗਫਲੀ 
ਮੂੰਗਫਲੀ ਵੀ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਰੋਜ਼ਾਨਾ ½ ਕੱਪ ਮੂੰਗਫਲੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਲਗਭਗ 20.5 ਗ੍ਰਾਮ ਪ੍ਰੋਟੀਨ ਮਿਲਦਾ ਹੈ। ਮੂੰਗਫਲੀ ਵਿੱਚ ਸਿਹਤਮੰਦ ਚਰਬੀ ਦੀ ਮਾਤਰਾ ਵੀ ਹੁੰਦੀ ਹੈ, ਜੋ ਦਿਲ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ।  
 

rajwinder kaur

This news is Content Editor rajwinder kaur