Health Tips: ਜੇਕਰ ਸਰੀਰ 'ਚ ਦਿਖਾਈ ਦੇਣ ਇਹ 6 ਲੱਛਣ ਤਾਂ ਹੋ ਸਕਦੀ ਹੈ ਸ਼ੂਗਰ, ਕਦੇ ਨਾ ਕਰੋ ਨਜ਼ਰਅੰਦਾਜ਼

08/31/2023 5:56:29 PM

ਜਲੰਧਰ (ਬਿਊਰੋ) - ਅੱਜ ਕੱਲ੍ਹ ਦੇ ਲੋਕਾਂ ’ਚ ਸ਼ੂਗਰ ਦੀ ਸਮੱਸਿਆ ਬਹੁਤ ਵਧ ਰਹੀ ਹੈ। ਸ਼ੂਗਰ ਖ਼ੂਨ ਵਿੱਚ ਖੰਡ ਦੀ ਜ਼ਿਆਦਾ ਮਾਤਰਾ ਨਾਲ ਸਬੰਧਤ ਇੱਕ ਬੀਮਾਰੀ ਹੁੰਦੀ ਹੈ। ਇਸ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਹੌਲੀ-ਹੌਲੀ ਸਰੀਰ ਦੇ ਸਾਰੇ ਮਹੱਤਵਪੂਰਣ ਅੰਗਾਂ ਨੂੰ ਨਸ਼ਟ ਕਰਨ ਦਾ ਕੰਮ ਕਰਦੀ ਹੈ। ਅੰਕੜਿਆਂ ਮੁਤਾਬਕ ਦੁਨੀਆਂ ਭਰ ਵਿੱਚ ਸ਼ੂਗਰ ਦੇ ਸਭ ਤੋਂ ਵੱਧ ਮਾਮਲੇ ਭਾਰਤ ਵਿੱਚ ਹਨ। ਜਿਨ੍ਹਾਂ ਲੋਕਾਂ ਵਿੱਚ ਸ਼ੂਗਰ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਉਨ੍ਹਾਂ ਵਿੱਚ ਪਹਿਲਾਂ ਤੋਂ ਹੀ ਕਈ ਲੱਛਣ ਦਿਖਾਈ ਦਿੰਦੇ ਹਨ। ਲੱਛਣਾਂ ਦਾ ਪਤਾ ਨਾ ਲੱਗਣ ’ਤੇ ਸ਼ੂਗਰ ਦੀ ਸਮੱਸਿਆ ਹੋ ਜਾਂਦੀ ਹੈ, ਜੋ ਕਾਫ਼ੀ ਗੰਭੀਰ ਸਮੱਸਿਆ ਹੈ। ਇੱਕ ਵਾਰ ਸ਼ੂਗਰ ਹੋ ਜਾਵੇ ਤਾਂ ਇਸ ਦਾ ਠੀਕ ਹੋਣਾ ਬਹੁਤ ਮੁਸ਼ਕਲ ਹੈ। ਇਸ ਨੂੰ ਹਮੇਸ਼ਾ ਕਾਬੂ ਵਿੱਚ ਰੱਖਣਾ ਪੈਂਦਾ ਹੈ। ਸ਼ੂਗਰ ਹੋਣ ਤੋਂ ਪਹਿਲਾਂ ਸਰੀਰ 'ਚ ਕਿਹੜੇ ਲੱਛਣ ਵਿਖਾਈ ਦਿੰਦੇ ਨੇ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....

ਬੀਮਾਰ ਰਹਿਣਾ
ਸ਼ੂਗਰ ਦੀ ਬੀਮਾਰੀ ਹੋਣ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਹੋਰ ਬੀਮਾਰੀਆਂ ਸਰੀਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀਆਂ ਹਨ। ਇਸ ਨਾਲ ਸਰੀਰ ਕਮਜ਼ੋਰ ਹੋਣ ਕਾਰਨ ਬੀਮਾਰੀਆਂ ਨਾਲ ਸਾਹਮਣਾ ਨਹੀਂ ਕਰ ਪਾਉਂਦਾ ਅਤੇ ਇਨਸਾਨ ਬੀਮਾਰ ਰਹਿਣ ਲੱਗ ਪੈਂਦਾ ਹੈ।

ਸੁੱਕਾ ਮੂੰਹ 
ਜੇਕਰ ਤੁਹਾਡਾ ਮੂੰਹ ਵਾਰ-ਵਾਰ ਸੁੱਕ ਰਿਹਾ ਹੈ ਤਾਂ ਤੁਸੀਂ ਸ਼ੂਗਰ ਦੇ ਮਰੀਜ਼ ਹੋ ਸਕਦੇ ਹੋ। ਜੇ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਸੁੱਕੇ ਮੂੰਹ ਜਾਂ ਬਹੁਤ ਜ਼ਿਆਦਾ ਪਿਆਸ ਦਾ ਅਨੁਭਵ ਕਰਦੇ ਹੋ ਤਾਂ ਤੁਹਾਨੂੰ ਹਾਈ ਬਲੱਡ ਸ਼ੂਗਰ ਹੋ ਸਕਦੀ ਹੈ। ਅਜਿਹੀ ਹਾਲਤ 'ਚ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈ।

ਧੁੰਦਲੀ ਨਜ਼ਰ
ਸ਼ੂਗਰ ਅੱਖਾਂ 'ਤੇ ਮਾੜਾ ਅਸਰ ਪਾਉਂਦੀ ਹੈ। ਜੇਕਰ ਤੁਹਾਨੂੰ ਸਵੇਰ ਦੇ ਸਮੇਂ ਸਾਫ਼ ਦੇਖਣ 'ਚ ਦਿੱਕਤ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਹਾਈ ਬਲੱਡ ਸ਼ੂਗਰ ਤੋਂ ਪੀੜਤ ਹੋ ਸਕਦੇ ਹੋ। ਡਾਕਟਰਾਂ ਅਨੁਸਾਰ ਸ਼ੂਗਰ ਕਾਰਨ ਅੱਖਾਂ ਦਾ ਲੈਂਜ਼ ਵੱਡਾ ਹੋ ਸਕਦਾ ਹੈ, ਜਿਸ ਨਾਲ ਨਜ਼ਰ ਧੁੰਦਲੀ ਹੋ ਸਕਦੀ ਹੈ।  

ਥਕਾਵਟ
ਥਕਾਵਟ ਸ਼ੂਗਰ ਦਾ ਖ਼ਾਸ ਲੱਛਣ ਹੁੰਦੀ ਹੈ। ਇਨਸੁਲਿਨ ਦੇ ਘੱਟ ਉਤਪਾਦਨ ਅਤੇ ਖੂਨ ਵਿੱਚ ਸ਼ੂਗਰ ਦੇ ਵਧਣ ਕਾਰਨ ਸਰੀਰ ਸੁਸਤ ਹੋ ਜਾਂਦਾ ਹੈ। ਇਸੇ ਲਈ ਜੇਕਰ ਤੁਹਾਨੂੰ ਜ਼ਿਆਦਾ ਥਕਾਵਟ ਹੋ ਰਹੀ ਹੈ ਤਾਂ ਤੁਸੀਂ ਡਾਕਟਰ ਕੋਲ ਜ਼ਰੂਰ ਜਾਓ ਅਤੇ ਆਪਣੇ ਸਰੀਰ ਦੀ ਜਾਂਚ ਕਰਵਾਓ।

ਹੱਥ ਪੈਰ ਸੁੰਨ ਹੋਣਾ
ਸ਼ੂਗਰ ਦੀ ਸਮੱਸਿਆ ਹੋਣ ’ਤੇ ਅਕਸਰ ਹੱਥ ਪੈਰ ਸੁੰਨ ਪੈ ਜਾਂਦੇ ਹਨ। ਵੈਸੇ ਤਾਂ ਇਹ ਸਾਦਾਰਨ ਹੁੰਦਾ ਹੈ। ਜੇਕਰ ਬਹੁਤ ਜ਼ਿਆਦਾ ਹੱਥ ਪੈਰ ਸੁੰਨ ਹੁੰਦੇ ਹਨ, ਝਨਝਨਾਹਟ ਅਤੇ ਕੀੜਿਆਂ ਦੇ ਕੱਟਣ ਜਿਹਾ ਮਹਿਸੂਸ ਹੁੰਦਾ ਹੈ, ਜਲਨ ਮਹਿਸੂਸ ਹੁੰਦੀ ਹੈ ਤਾਂ ਤੁਹਾਨੂੰ ਸ਼ੂਗਰ ਹੋ ਸਕਦੀ ਹੈ। ਇਸ ਹਾਲਤ 'ਚ ਡਾਕਟਰ ਦੀ ਸਲਾਹ ਜ਼ਰੂਰ ਲਓ।

ਵਾਰ-ਵਾਰ ਪਿਆਸ ਲੱਗਣਾ
ਸ਼ੂਗਰ ਹੋਣ ਦੇ ਕਾਰਨ ਵਾਰ-ਵਾਰ ਯੂਰਿਨ ਜਾਣ ਦੇ ਕਾਰਨ ਸਰੀਰ ’ਚੋਂ ਪਾਣੀ ਅਤੇ ਸ਼ੂਗਰ ਬਾਹਰ ਨਿਕਲ ਜਾਂਦੀ ਹੈ। ਇਸ ਨਾਲ ਵਾਰ ਵਾਰ ਪਿਆਸ ਲੱਗਦੀ ਹੈ। ਜੇਕਰ ਤੁਹਾਨੂੰ ਵੀ ਵਾਰ-ਵਾਰ ਪਿਆਸ ਲੱਗਦੀ ਹੈ, ਤਾਂ ਸ਼ੂਗਰ ਦਾ ਟੈਸਟ ਜ਼ਰੂਰ ਕਰਵਾਓ ।

rajwinder kaur

This news is Content Editor rajwinder kaur