ਬਰਸਾਤ ਦੇ ਮੌਸਮ ’ਚ ਫੈਲਦੀਆਂ ਨੇ ਟਾਈਫਾਈਡ ਸਣੇ ਇਹ ਬਿਮਾਰੀਆਂ, ਜਾਣੋ ਬਚਾਅ ਦੇ ਢੰਗ
Monday, Jul 10, 2023 - 11:19 AM (IST)

ਜਲੰਧਰ (ਬਿਊਰੋ)– ਬਰਸਾਤ ਦੇ ਮੌਸਮ ’ਚ ਤਾਪਮਾਨ ’ਚ ਭਾਰੀ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਸ ਨਾਲ ਸਰੀਰ ਬੈਕਟੀਰੀਆ ਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਤੇ ਵਿਅਕਤੀ ਨੂੰ ਸਰਦੀ ਜ਼ੁਕਾਮ, ਬੁਖ਼ਾਰ ਤੇ ਢਿੱਡ ਦੇ ਰੋਗ ਹੋਣ ਦਾ ਡਰ ਬਣਿਆ ਰਹਿੰਦਾ ਹੈ। ਅਜਿਹੇ ਮੌਸਮ ’ਚ ਤੰਦਰੁਸਤ ਰਹਿਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਨ ਦੀ ਲੋੜ ਹੁੰਦੀ ਹੈ। ਬਰਸਾਤੀ ਮੌਸਮ ਸਾਨੂੰ ਸਭ ਨੂੰ ਬਹੁਤ ਚੰਗਾ ਲੱਗਦਾ ਹੈ ਪਰ ਇਹ ਮੌਸਮ ਆਪਣੇ ਨਾਲ ਕਾਫ਼ੀ ਸਰੀਰਕ ਸਮੱਸਿਆਵਾਂ ਲੈ ਕੇ ਆਉਂਦਾ ਹੈ। ਇਸ ਮੌਸਮ ’ਚ ਕੁਝ ਖ਼ਾਸ ਕਿਸਮ ਦੇ ਬੈਕਟੀਰੀਆ ਤੇ ਵਾਇਰਸ ਵਧੇਰੇ ਕਾਰਜਸ਼ੀਲ ਹੋ ਜਾਂਦੇ ਹਨ, ਜੋ ਸਾਨੂੰ ਬਿਮਾਰ ਕਰ ਸਕਦੇ ਹਨ।
ਸਰਦੀ ਤੇ ਫਲੂ
ਸਰਦੀ ਤੇ ਫਲੂ ਵਾਇਰਲ ਇਨਫੈਕਸ਼ਨ ਦੇ ਆਮ ਰੂਪ ਹਨ, ਜੋ ਕੁਝ ਦਿਨਾਂ ਤਕ ਰਹਿ ਸਕਦਾ ਹੈ। ਇਸ ਲਈ ਸਰੀਰ ਨੂੰ ਬਚਾਉਣ ਲਈ ਵਧੇਰੇ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਆਪਣੀ ਰੋਗ ਰੱਖਿਆ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਚਿਕਨਗੁਨੀਆ
ਇਹ ਵੀ ਮੱਛਰਾਂ ਤੋਂ ਹੋਣ ਵਾਲੀ ਬਿਮਾਰੀ ਹੈ, ਜੋ ਇਨਫੈਕਟਿਡ ਏਡੀਜ਼ ਐਲਬੋਫਿਕਟਸ ਮੱਛਰਾਂ ਦੇ ਕੱਟਣ ਨਾਲ ਹੁੰਦੀ ਹੈ। ਇਹ ਮੱਛਰ ਖੜ੍ਹੇ ਪਾਣੀ ’ਚ ਪਲਦੇ ਹਨ ਤੇ ਦਿਨ ਵੇਲੇ ਕੱਟਦੇ ਹਨ। ਚਿਕਨਗੁਨੀਆ ਦੇ ਆਮ ਲੱਛਣਾਂ ’ਚ ਜੋੜਾਂ ਦੇ ਦਰਦ ਨਾਲ ਬੁਖ਼ਾਰ ਹੈ।
ਹੈਜ਼ਾ
ਇਹ ਪਾਣੀ ਨਾਲ ਹੋਣ ਵਾਲਾ ਰੋਗ ਹੈ, ਜੋ ਦੂਸ਼ਿਤ ਪਾਣੀ ਤੇ ਦੂਸ਼ਿਤ ਭੋਜਨ ਨਾਲ ਹੁੰਦਾ ਹੈ। ਇਹ ਵਿਬਰੋ ਕੌਲਰਾ ਨਾਂਅ ਦੇ ਜੀਵਾਣੂ ਕਾਰਨ ਫੈਲਦਾ ਹੈ। ਹੈਜ਼ੇ ਦੇ ਲੱਛਣਾਂ ’ਚ ਉਲਟੀ ਤੇ ਦਸਤ ਦੀ ਸਮੱਸਿਆ ਹੁੰਦੀ ਹੈ। ਇਸ ਨਾਲ ਸਰੀਰ ’ਚ ਪਾਣੀ ਦੀ ਘਾਟ ਹੋ ਜਾਂਦੀ ਹੈ ਤੇ ਮਰੀਜ਼ ਬੇਹੱਦ ਕਮਜ਼ੋਰ ਹੋ ਜਾਂਦਾ ਹੈ। ਹੈਜ਼ੇ ਤੋਂ ਬਚਣ ਲਈ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉਬਲਿਆ ਹੋਇਆ ਪਾਣੀ ਹੀ ਪੀਤਾ ਜਾਵੇ ਤਾਂ ਜੋ ਇਸ ਕੀਟਾਣੂ ਦੇ ਵਾਧੇ ਨੂੰ ਰੋਕਿਆ ਜਾ ਸਕੇ।
ਟਾਈਫਾਈਡ
ਟਾਈਫਾਈਡ ਬੁਖ਼ਾਰ ਦੂਸ਼ਿਤ ਭੋਜਨ ਤੇ ਪਾਣੀ ਨਾਲ ਫੈਲਦਾ ਹੈ। ਇਹ ਬਿਮਾਰੀ ਸਾਲਮੋਨੇਲਾ ਟਾਇਫੀ ਜੀਵਾਣੂ ਦੇ ਸੰਚਾਰ ਨਾਲ ਫੈਲਦੀ ਹੈ। ਇਸ ਦੇ ਆਮ ਲੱਛਣਾਂ ’ਚ ਬੁਖ਼ਾਰ, ਸਿਰਦਰਦ, ਕਮਜ਼ੋਰੀ, ਗਲੇ ’ਚ ਦਰਦ ਤੇ ਖਾਰਿਸ਼ ਸ਼ਾਮਲ ਹਨ। ਘਰ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਤੇ ਸਾਫ਼ ਪਾਣੀ ਦੀ ਵਰਤੋਂ ਕੀਤੀ ਜਾਵੇ।
ਡਾਇਰੀਆ
ਇਹ ਬਰਸਾਤ ਦੀ ਆਮ ਬਿਮਾਰੀ ਹੈ। ਇਹ ਦੂਸ਼ਿਤ ਖਾਣ-ਪੀਣ ਵਾਲੀਆਂ ਚੀਜ਼ਾਂ ਤੇ ਪਾਣੀ ਕਾਰਨ ਹੁੰਦਾ ਹੈ। ਇਹ ਸਰੀਰ ’ਚ ਜੀਵਾਣੂਆਂ ਦੇ ਸੰਚਾਰ ਨਾਲ ਫੈਲਦਾ ਹੈ। ਡਾਇਰੀਆ ਦੌਰਾਨ ਢਿੱਡ ’ਚ ਮਰੋੜ ਦੇ ਨਾਲ ਦਸਤ ਲੱਗਣਾ ਮੁੱਖ ਕਾਰਨ ਹੈ। ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ ਤੇ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਜਾਵੇ। ਪਾਣੀ ਨੂੰ ਪੀਣ ਤੋਂ ਪਹਿਲਾਂ ਉਬਾਲ ਲਿਆ ਜਾਵੇ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ ਹੋ।
ਹੈਪੇਟਾਈਟਸ-ਏ
ਇਹ ਦੂਸ਼ਿਤ ਭੋਜਨ ਤੇ ਪਾਣੀ ਕਾਰਨ ਹੁੰਦਾ ਹੈ, ਜੋ ਮੁੱਖ ਰੂਪ ’ਚ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਬੁਖ਼ਾਰ, ਉਲਟੀ, ਕਮਜ਼ੋਰੀ, ਸਰੀਰ ’ਤੇ ਦਾਣੇ ਆਦਿ ਇਸ ਦੇ ਆਮ ਲੱਛਣ ਹਨ। ਸਾਫ਼-ਸਫ਼ਾਈ ਰੱਖਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।
ਮਲੇਰੀਆ
ਇਹ ਬਰਸਾਤ ’ਚ ਹੋਣ ਵਾਲੀ ਗੰਭੀਰ ਬਿਮਾਰੀ ਹੈ, ਜਿਹੜੀ ਪਾਣੀ ਜਮ੍ਹਾ ਹੋਣ ’ਤੇ ਪੈਦਾ ਹੋਣ ਵਾਲੇ ਮਾਦਾ ਐਨਾਫਲੀਜ਼ ਦੇ ਕੱਟਣ ਨਾਲ ਹੁੰਦੀ ਹੈ। ਇਸ ’ਚ ਵਿਅਕਤੀ ਨੂੰ ਤੇਜ਼ ਬੁਖ਼ਾਰ, ਥਕਾਵਟ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਮੱਛਰਦਾਨੀਆਂ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋਂ ਕੀਤੀ ਜਾਵੇ। ਸਭ ਤੋਂ ਜ਼ਰੂਰੀ ਹੈ ਕਿ ਪੂਰੇ ਸਰੀਰ ਨੂੰ ਢਕ ਕੇ ਰੱਖਿਆ ਜਾਵੇ।
ਬਚਾਅ
- ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਜਮ੍ਹਾ ਨਾ ਹੋਣ ਦਿਓ
- ਸਰੀਰ ਨੂੰ ਪੂਰੀ ਤਰ੍ਹਾਂ ਢਕ ਕੇ ਰੱਖੋ
- ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ
- ਬਾਜ਼ਾਰੀ ਖਾਣ ਵਾਲੀਆਂ ਚੀਜ਼ਾਂ ਦੇ ਇਸਤੇਮਾਲ ਤੋਂ ਬਚਿਆ ਜਾਵੇ
- ਮੌਸਮੀ ਫਲਾਂ ਦੀ ਵਰਤੋਂ ਕੀਤੀ ਜਾਵੇ
- ਮਸਾਲੇਦਾਰ ਤੇ ਬਾਸੀ ਭੋਜਨ ਤੋਂ ਪ੍ਰਹੇਜ਼ ਕੀਤਾ ਜਾਵੇ
- ਪਾਣੀ ਉਬਾਲ ਕੇ ਪੀਤਾ ਜਾਵੇ
- ਲੋੜ ਪੈਣ ’ਤੇ ਡਾਕਟਰੀ ਸਹਾਇਤਾ ਲਈ ਜਾਵੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।