Health Tips: ਸਿਰਫ਼ ਸ਼ੂਗਰ ਹੀ ਨਹੀਂ ਜ਼ਿਆਦਾ ਖੰਡ ਖਾਣ ਵਾਲਿਆਂ ਨੂੰ ਹੋ ਸਕਦੀਆਂ ਨੇ ਇਹ ਬੀਮਾਰੀਆਂ

06/01/2023 3:38:24 PM

ਜਲੰਧਰ (ਬਿਊਰੋ) - ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਲਈ ਕਈ ਤਰਾਂ ਦੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਜੋ ਸਾਨੂੰ ਖਾਣ-ਪੀਣ ਦੀਆਂ ਚੀਜ਼ਾਂ ਵਿੱਚੋਂ ਮਿਲਦੇ ਹਨ। ਬਹੁਤ ਸਾਰੇ ਲੋਕ ਨਮਕੀਨ ਦੇ ਨਾਲ-ਨਾਲ ਮਿਠੀਆਂ ਚੀਜ਼ਾਂ ਖਾਣ ਦੇ ਵੀ ਸ਼ੌਕਿਨ ਹੁੰਦੇ ਹਨ। ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਭਾਰ ਵਧਣਾ, ਸ਼ੂਗਰ, ਕੈਵਿਟੀਜ਼ ਅਤੇ ਹਾਈ ਬੀਪੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖੰਡ ਇੱਕ ਅਜਿਹੀ ਚੀਜ਼ ਹੈ, ਜਿਸਦੀ ਵਰਤੋਂ ਦੁਨੀਆ ਦੇ ਸਾਰੇ ਲੋਕ ਕਰਦੇ ਹਨ। ਖੰਡ ਖਾਣ ਨਾਲ ਦਿਲ ਅਤੇ ਢਿੱਡ ਦੇ ਆਲੇ-ਦੁਆਲੇ ਵੱਡੇ ਪੱਧਰ 'ਤੇ ਫੈਟ ਜਮ੍ਹਾਂ ਹੋ ਜਾਂਦੀ ਹੈ, ਜਿਹੜੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਖੰਡ ਖਾਣ ਨਾਲ ਸਾਡੇ ਸਰੀਰ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। ਖੰਡ ਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ, ਜਿਵੇਂ-ਭਾਰ ਵਧਣਾ, ਸ਼ੂਗਰ, ਦੰਦਾਂ ਵਿਚ ਕੈਵਿਟੀਜ਼ ਅਤੇ ਹਾਈ ਬੀ.ਪੀ., ਸ਼ੂਗਰ ਆਦਿ। ਇਸੇ ਲਈ ਸਰੀਰ ਨੂੰ ਸਿਹਤਮੰਦ ਰੱਖਣ ਲਈ ਘੱਟ ਤੋਂ ਘੱਟ ਖੰਡ ਦਾ ਸੇਵਨ ਕਰੋ। 

ਸ਼ੂਗਰ
ਖੰਡ ਅਤੇ ਟਾਈਪ 2 ਸ਼ੂਗਰ ਵਿਚਕਾਰ ਸਿੱਧਾ ਸਬੰਧ ਹੁੰਦਾ ਹੈ। ਹਾਲਾਂਕਿ ਖੰਡ ਸ਼ੂਗਰ ਦਾ ਕਾਰਨ ਨਹੀਂ ਬਣਦੀ ਪਰ ਕਿਸੇ ਵੀ ਕਿਸਮ ਦੀ ਉੱਚ ਕੈਲੋਰੀ ਖੁਰਾਕ ਟਾਈਪ 2 ਸ਼ੂਗਰ ਦਾ ਕਾਰਨ ਬਣ ਸਕਦੀ ਹੈ। ਬਹੁਤ ਸਾਰੇ ਭੋਜਨਾਂ ਵਿੱਚ ਕੁਦਰਤੀ ਤੌਰ 'ਤੇ ਖੰਡ ਹੁੰਦੀ ਹੈ, ਜਿਸਦਾ ਸੇਵਨ ਕਰਨ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।

ਕਮਜ਼ੋਰੀ
ਬਹੁਤ ਜ਼ਿਆਦਾ ਖੰਡ ਜਾਂ ਮਿਠਾਈਆਂ ਦਾ ਸੇਵਨ ਕਰਨ ਨਾਲ ਸਰੀਰ ਵਿਚ ਊਰਜਾ ਦਾ ਪੱਧਰ ਘੱਟ ਜਾਂਦਾ ਹੈ, ਜਿਸ ਕਾਰਨ ਤੁਸੀਂ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨ ਲੱਗਦੇ ਹੋ। ਮਿੱਠੇ ਭੋਜਨ ਵਿਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਘਾਟ ਹੁੰਦੀ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਹਾਈ ਬਲੱਡ ਪ੍ਰੈਸ਼ਰ
ਖੰਡ ਦੀ ਜ਼ਿਆਦਾ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ 'ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਨਾਲ ਹਾਈਪਰਟੈਨਸ਼ਨ ਯਾਨੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਰ ਵੱਧਣੀ ਸ਼ੁਰੂ ਹੋ ਜਾਂਦੀ ਹੈ।

ਭਾਰ ਵਧਣਾ
ਜ਼ਿਆਦਾ ਚਾਕਲੇਟ, ਮਿਠਾਈ ਜਾਂ ਖੰਡ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ। ਜਦੋਂ ਅਸੀਂ ਜ਼ਿਆਦਾ ਖੰਡ ਦਾ ਸੇਵਨ ਕਰਦੇ ਹਾਂ ਤਾਂ ਸਰੀਰ ਵਾਧੂ ਊਰਜਾ ਨੂੰ ਚਰਬੀ ਦੇ ਰੂਪ ਵਿੱਚ ਸਟੋਰ ਕਰਦਾ ਹੈ, ਜਿਸ ਨਾਲ ਸਿਹਤ ਸਮੱਸਿਆਵਾਂ ਜਿਵੇਂ ਸ਼ੂਗਰ, ਦਿਲ ਦੀ ਬੀਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ, ਮੋਟਾਪਾ ਹੋ ਜਾਂਦਾ ਹੈ। 

ਫੈਟੀ ਲਿਵਰ ਦੀ ਸਮੱਸਿਆ
ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਫੈਟੀ ਲੀਵਰ ਦੀ ਸਮੱਸਿਆ ਹੋ ਜਾਂਦੀ ਹੈ। ਫੈਟੀ ਲੀਵਰ ਦੀ ਸਮੱਸਿਆ ਕਾਰਨ ਚਰਬੀ ਵੱਡੀ ਮਾਤਰਾ ਵਿੱਚ ਜਮ੍ਹਾ ਹੋਣੀ ਸ਼ੁਰੂ ਹੋ ਜਾਂਦੀ ਹੈ।

ਕੈਵਿਟੀ ਦੀ ਸਮੱਸਿਆ
ਛੋਟੇ ਬੱਚਿਆਂ ਨੂੰ ਅਕਸਰ ਘਰ ਦੇ ਵੱਡਿਆਂ ਵੱਲੋਂ ਟੌਫੀ-ਚਾਕਲੇਟ ਖਾਣ ਲਈ ਇਹ ਕਹਿ ਕੇ ਝਿੜਕਿਆ ਜਾਂਦਾ ਹੈ ਕਿ ਦੰਦ ਖ਼ਰਾਬ ਹੋ ਜਾਣਗੇ ਜਾਂ ਦੰਦਾਂ ਵਿੱਚ ਕੀੜੇ ਪੈ ਜਾਣਗੇ। ਇਸ ਦਾ ਸਿੱਧਾ ਮਤਲਬ ਹੈ ਕਿ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਦੰਦ ਸੜ ਸਕਦੇ ਹਨ, ਜਿਸ ਕਾਰਨ ਕੈਵਿਟੀਜ਼ ਦਾ ਖ਼ਤਰਾ ਹੋ ਸਕਦਾ ਹੈ। 

ਕਿਡਨੀ ਫੇਲ੍ਹ ਹੋਣ ਦਾ ਖ਼ਤਰਾ
ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਲੋਕਾਂ ਨੂੰ ਕਿਡਨੀ ਖ਼ਰਾਬ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇਸੇ ਲਈ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਖੰਡ ਦਾ ਸੀਮਤ ਮਾਤਰਾ 'ਚ ਇਸਤੇਮਾਲ ਕਰੋ।

rajwinder kaur

This news is Content Editor rajwinder kaur