Health Tips: ਮੋਟਾਪੇ ਤੋਂ ਪਰੇਸ਼ਾਨ ਲੋਕ ਰੋਜ਼ਾਨਾ 20-30 ਮਿੰਟ ਚਲਾਉਣ ਸਾਈਕਲ, ਹੋਣਗੇ ਹੋਰ ਵੀ ਕਈ ਫ਼ਾਇਦੇ
Saturday, Jun 03, 2023 - 01:45 PM (IST)
ਜਲੰਧਰ (ਬਿਊਰੋ) - ਸਾਈਕਲਿੰਗ ਚਲਾਉਣਾ ਸਭ ਨੂੰ ਪਸੰਦ ਹੈ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਾਈਕਲ ਚਲਾਉਦੇ ਹਨ। ਸਾਈਕਲ ਚਲਾਉਣਾ ਨਾ ਸਿਰਫ਼ ਤੁਹਾਨੂੰ ਬਚਪਨ ਦੀਆਂ ਯਾਦਾਂ ਨਾਲ ਜੋੜਨ ਵਿੱਚ ਮਦਦ ਕਰਦਾ ਹੈ, ਸਗੋਂ ਇਸ ਨਾਲ ਸਰੀਰ ਨੂੰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸਾਈਕਲ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਚੰਗੀ ਹੁੰਦੀ ਹੈ। ਸਾਈਕਲ ਚਲਾਉਣ ਨਾਲ ਸਾਰੇ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਕਈ ਬੀਮਾਰੀਆ ਦੂਰ ਹੁੰਦੀਆਂ ਹਨ। ਰੋਜ਼ਾਨਾ 20 ਤੋਂ 30 ਮਿੰਟ ਸਾਈਕਲ ਚਲਾਉਣ ਨਾਲ ਸਰੀਰ ਦੀਆਂ ਕਈ ਵੱਡੀਆਂ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ, ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ, ਦਿਲ ਅਤੇ ਫੇਫੜੇ ਮਜ਼ਬੂਤ ਹੁੰਦੇ ਹਨ। ਸਾਈਕਲਿੰਗ ਕਾਰਨ ਭਾਰ ਘੱਟ ਹੁੰਦਾ ਹੈ ਅਤੇ ਸਰੀਰ ਹਮੇਸ਼ਾ ਫਿੱਟ ਰਹਿੰਦਾ ਹੈ। ਸਾਈਕਲ ਚਲਾਉਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.....
1. ਸ਼ੂਗਰ
ਸ਼ੂਗਰ ਦੇ ਮਰੀਜ਼ਾਂ ਲਈ ਸਾਈਕਲ ਚਲਾਉਣਾ ਬਹੁਤ ਫ਼ਾਈਦੇਮੰਦ ਹੁੰਦਾ ਹੈ। ਇਸ ਨਾਲ ਕੈਲੋਰੀ ਬਰਨ ਹੁੰਦੀ ਹੈ ਅਤੇ ਖੂਨ 'ਚ ਗਲੂਕੋਜ਼ ਦੀ ਮਤਾਰਾ ਕੰਟਰੋਲ ਰਹਿੰਦੀ ਹੈ। ਜਿਹੜੇ ਲੋਕ ਰੋਜ਼ਾਨਾ 20-30 ਮਿੰਟ ਮੱਧਮ ਰਫ਼ਤਾਰ ਨਾਲ ਸਾਈਕਲ ਚਲਾਉਂਦੇ ਹਨ, ਉਨ੍ਹਾਂ ਵਿੱਚ ਬਲੱਡ ਸ਼ੂਗਰ ਦੇ ਪੱਧਰਾਂ ਵਿੱਚ ਵਾਧਾ ਹੋਣ ਦਾ ਘੱਟ ਜੋਖ਼ਮ ਪਾਇਆ ਜਾਂਦਾ ਹੈ। ਇਸ ਨਾਲ ਉਹਨਾਂ ਦੇ ਸਰੀਰ ਦੀ ਕਸਰਤ ਹੋ ਜਾਂਦੀ ਹੈ।
2. ਦਿਲ ਦੀਆਂ ਬੀਮਾਰੀਆਂ ਹੋਣਗੀਆਂ ਦੂਰ
ਸਾਈਕਲਿੰਗ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਦੀ ਹੈ। ਸਾਈਕਲ ਚਲਾਉਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ਨਾਲ ਖੂਨ ਦਾ ਸਰਕੂਲੈਸ਼ਨ ਠੀਕ ਰਹਿੰਦਾ ਹੈ। ਸਾਈਕਲ ਚਲਾਉਣ ਨਾਲ ਦਿਲ ਦੀ ਧੜਕਣ ਤੇਜ਼ ਹੁੰਦੀ ਹੈ, ਜਿਸ ਨਾਲ ਦਿਲ ਦੀ ਕਸਰਤ ਹੁੰਦੀ ਹੈ। ਇਸ ਨਾਲ ਖੂਨ ਦੀਆਂ ਨਾੜੀਆਂ ਵਿੱਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਹੁੰਦੀ।
3. ਭਾਰ ਘਟਾਉਣ 'ਚ ਮਦਦਗਾਰ
ਭਾਰ ਘੱਟ ਕਰਨ ਲਈ ਰੋਜ਼ਾਨਾ 20 ਤੋਂ 30 ਮਿੰਟ ਸਾਈਕਲ ਚਲਾਓ। ਇਸ ਨਾਲ ਸਰੀਰ 'ਚ ਮੌਜੂਦ ਵਾਧੂ ਚਰਬੀ ਘੱਟ ਹੋ ਜਾਵੇਗੀ। ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਤੁਹਾਨੂੰ ਰੋਜ਼ਾਨਾ ਸਾਈਕਲ ਚਲਾਉਣਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਜਮ੍ਹਾ ਫੈਟ ਘੱਟ ਹੁੰਦੀ ਹੈ, ਜਿਸ ਨਾਲ ਮੋਟਾਪਾ ਘੱਟ ਹੋਣਾ ਸ਼ੁਰੂ ਹੁੰਦਾ ਹੈ।
4. ਤਣਾਅ ਤੋਂ ਰਹੋ ਦੂਰ
ਰੋਜ਼ਾਨਾ ਸਾਈਕਲ ਚਲਾਉਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਸਾਈਕਲ ਚਲਾਉਣ ਨਾਲ ਤਣਾਅ ਦੂਰ ਹੁੰਦਾ ਹੈ, ਜਿਸ ਨਾਲ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ। ਇਸ ਨਾਲ ਦਿਮਾਗ ਤੇਜ਼ ਰਹਿੰਦਾ ਹੈ।
5. ਇਮਿਊਨ ਸਿਸਟਮ
ਸਾਈਕਲ ਚਲਾਉਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਜਿਸ ਨਾਲ ਬੀਮਾਰੀਆਂ ਨਾਲ ਲੜਨ ਦੀ ਸਮਰੱਤਾ ਵੱਧਦੀ ਹੈ। ਸਾਈਕਲਿੰਗ ਪ੍ਰੋਟੀਨ ਦੇ ਉਤਪਾਦਨ ਨੂੰ ਵਧਾ ਕੇ ਅਤੇ ਚਿੱਟੇ ਰਕਤਾਣੂਆਂ ਨੂੰ ਉਤੇਜਿਤ ਕਰਕੇ ਇਮਿਊਨ ਸਿਸਟਮ ਨੂੰ ਸੁਧਾਰ ਸਕਦੀ ਹੈ। ਸਾਈਕਲਿੰਗ ਸਰੀਰ ਦਾ ਸਟੈਮਿਨਾ ਵਧਾਉਣ ਵਿੱਚ ਵੀ ਮਦਦ ਕਰਦੀ ਹੈ।
6. ਸਰੀਰ ਦੀ ਤਾਕਤ ਮਿਲਦੀ ਹੈ
ਸਾਈਕਲਿੰਗ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਨਾਲ ਪੈਰਾਂ ਅਤੇ ਲੱਤਾਂ ਦੀ ਹੀ ਨਹੀਂ ਸਗੋਂ ਤੁਹਾਡੇ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ, ਜਿਸ ਨਾਲ ਤਾਕਤ ਵੱਧਦੀ ਹੈ। ਇਸ ਨਾਲ ਸਰੀਰ 'ਚ ਖੂਨ ਦਾ ਸੰਚਾਰ ਚੰਗਾ ਹੁੰਦਾ ਹੈ।
7. ਨੀਂਦ ਚੰਗੀ ਆਉਂਦੀ ਹੈ
ਰੋਜ਼ਾਨਾ ਸਾਈਕਲ ਚਲਾਉਣ ਸਰੀਰ ਦੀ ਕਸਰਤ ਹੁੰਦੀ ਹੈ, ਜਿਸ ਨਾਲ ਰਾਤ ਦੇ ਸਮੇਂ ਚੰਗੀ ਨੀਂਦ ਆਉਂਦੀ ਹੈ। ਚੰਗੀ ਨੀਂਦ ਲੈਣ ਨਾਲ ਕਦੇ ਵੀ ਥਕਾਵਟ ਨਹੀਂ ਹੁੰਦੀ ਅਤੇ ਸਾਰਾ ਦਿਨ ਤਾਜ਼ਗੀ ਰਹਿੰਦੀ ਹੈ।