Health Tips : ਦੁੱਧ ਪੀਣ ਤੋਂ ਬਾਅਦ ਲੋਕ ਕਦੇ ਨਾ ਕਰਨ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੀਆਂ ਨੇ ਕਈ ਬੀਮਾਰੀਆਂ

03/15/2024 4:38:45 PM

ਜਲੰਧਰ - ਦੁੱਧ ਸਰੀਰ ਲਈ ਬਹੁਤ ਜ਼ਰੂਰੀ ਹੈ, ਜਿਸ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਦੁੱਧ ਵਿੱਚ ਵਿਟਾਮਿਨ, ਖਣਿਜ, ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ-ਡੀ, ਫਾਸਫੋਰਸ, ਮੈਗਨੀਸ਼ਿਅਮ, ਐਂਟੀਆਕਸੀਡੇਂਟ ਸਣੇ ਕਈ ਪੌਸ਼ਕ ਤੱਤ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਦੁੱਧ ਉਮਰ ਦੇ ਨਾਲ ਸਬੰਧਤ ਮਾਸਪੇਸ਼ੀਆਂ ਦੇ ਨੁਕਸਾਨ ਨੂੰ ਘੱਟ ਅਤੇ ਮਾਸਪੇਸ਼ੀਆਂ ਦੀ ਮੁਰੰਮਤ ਕਰਨ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਦੁੱਧ ਪੀਣ ਨਾਲ ਸਰੀਰ ਤੰਦਰੁਸਤ ਅਤੇ ਬੀਮਾਰੀਆਂ ਤੋਂ ਮੁਕਤ ਰਹਿੰਦਾ ਹੈ। ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਹਨਾਂ ਦਾ ਸੇਵਨ ਦੁੱਧ ਪੀਣ ਤੋਂ ਬਾਅਦ ਨਹੀਂ ਕਰਨਾ ਚਾਹੀਦੈ, ਕਿਉਂਕਿ ਇਸ ਨਾਲ ਸਰੀਰ ਨੂੰ ਨੁਕਸਾਨ ਤੇ ਢਿੱਡ ਖ਼ਰਾਬ ਹੁੰਦਾ ਹੈ। ਅਜਿਹੀਆਂ ਕਿਹੜੀਆਂ ਚੀਜ਼ਾਂ ਹਨ, ਦੇ ਬਾਰੇ ਆਓ ਜਾਣਦੇ ਹਾਂ.... 

ਮਾਸ ਦਾ ਸੇਵਨ ਨਾ ਕਰੋ
ਦੁੱਧ ਪੀਣ ਤੋਂ ਬਾਅਦ ਕਦੇ ਵੀ ਨਾਨ-ਵੈਜ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦਾ ਕਾਰਨ ਇਹ ਹੈ ਕਿ ਮਾਸਾਹਾਰੀ ਖਾਣੇ ਦੀ ਤਾਸੀਰ ਗਰਮ ਅਤੇ ਦੁੱਧ ਦੀ ਤਾਸੀਰ ਠੰਡੀ ਹੁੰਦੀ ਹੈ। ਇਨ੍ਹਾਂ ਨੂੰ ਇਕੱਠੇ ਲੈਣ ਨਾਲ ਢਿੱਡ ਖ਼ਰਾਬ ਹੋ ਸਕਦਾ ਹੈ ਅਤੇ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਖੁਜਲੀ ਅਤੇ ਧੱਫੜ ਹੋ ਸਕਦੇ ਹਨ।

ਤਰਬੂਜ਼ ਖਾਣ ਤੋਂ ਕਰੋ ਪਰਹੇਜ਼ 
ਬਹੁਤ ਸਾਰੇ ਲੋਕ ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਤੋਂ ਪਰਹੇਜ਼ ਕਰਦੇ ਹਨ, ਕਿਉਂਕਿ ਤਰਬੂਜ਼ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਹੈ। ਇਸੇ ਤਰ੍ਹਾਂ ਦੁੱਧ ਪੀਣ ਤੋਂ ਬਾਅਦ ਤਰਬੂਜ਼ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਰੀਰ ਵਿੱਚ ਜ਼ਹਿਰੀਲੇ ਤੱਤ ਪੈਦਾ ਹੁੰਦੇ ਹਨ, ਜਿਸ ਨਾਲ ਦਸਤ, ਉਲਟੀਆਂ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਖੱਟੇ ਫਲਾਂ ਦਾ ਸੇਵਨ ਨਾ ਕਰੋ
ਦੁੱਧ ਪੀਣ ਤੋਂ ਬਾਅਦ ਕਦੇ ਵੀ ਖੱਟੇ ਫਲਾਂ ਦਾ ਸੇਵਨ ਨਾ ਕਰੋ। ਅਜਿਹਾ ਕਰਨ ਨਾਲ ਢਿੱਡ ਵਿੱਚ ਗੈਸ, ਐਸੀਡਿਟੀ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਪਾਚਨ ਤੰਤਰ ਨੂੰ ਵੀ ਖ਼ਰਾਬ ਹੋ ਸਕਦਾ ਹੈ। ਦੁੱਧ ਪੀਣ ਤੋਂ ਬਾਅਦ ਖੱਟੇ ਫਲਾਂ ਦਾ ਸੇਵਨ ਕਰਨ ਨਾਲ ਦੁੱਧ ਦਾ ਕੈਲਸ਼ੀਅਮ ਸਰੀਰ ਨੂੰ ਨਹੀਂ ਮਿਲਦਾ।  

ਦਹੀਂ ਅਤੇ ਲੱਸੀ ਤੋਂ ਪਰਹੇਜ਼
ਦੁੱਧ ਪੀਣ ਤੋਂ ਬਾਅਦ ਦਹੀਂ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਦਹੀਂ ਠੰਡਾ ਹੁੰਦਾ ਹੈ। ਦੁੱਧ ਤੋਂ ਦਹੀਂ ਖਾਣ ਨਾਲ ਇਸ ਦੇ ਪੋਸ਼ਕ ਤੱਤ ਮਰ ਜਾਂਦੇ ਹਨ, ਜਿਸ ਨਾਲ ਸਰੀਰ ਨੂੰ ਦੁੱਧ ਦਾ ਪੂਰਾ ਲਾਭ ਨਹੀਂ ਮਿਲਦਾ। ਦੁੱਧ ਤੋਂ ਬਾਅਦ ਲੱਸੀ ਦਾ ਵੀ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਪਾਚਨ ਤੰਤਰ ਖ਼ਰਾਬ ਹੋ ਸਕਦਾ ਹੈ ਅਤੇ ਸਰੀਰ 'ਚ ਟਾਕਸਿਨ ਪੈਦਾ ਹੋ ਸਕਦੇ ਹਨ। 

ਨਿੰਬੂ ਪਾਣੀ ਪੀਣ ਤੋਂ ਪਰਹੇਜ਼
ਦੁੱਧ ਪੀਣ ਤੋਂ ਬਾਅਦ ਨਿੰਬੂ ਪਾਣੀ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਨਿੰਬੂ ਪਾਣੀ ਪੀਣ ਨਾਲ ਗੈਸ, ਬਦਹਜ਼ਮੀ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦੁੱਧ ਦੇ ਬਾਅਦ ਨਿੰਬੂ ਪਾਣੀ ਪੀਣ ਨਾਲ ਜੀਅ ਕੱਚਾ ਅਤੇ ਉਲਟੀਆਂ ਦੀ ਸਮੱਸਿਆ ਹੋ ਜਾਂਦੀ ਹੈ।  

ਮੂੱਲੀ ਦਾ ਸੇਵਨ ਨਾ ਕਰੋ
ਦੁੱਧ ਪੀਣ ਤੋਂ ਬਾਅਦ ਮੂਲੀ ਅਤੇ ਹੋਰ ਲੂਣ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਮੂਲੀ ਤੋਂ ਬਣੀ ਕੋਈ ਹੋਰ ਚੀਜ਼ਾਂ ਵੀ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਦੁੱਧ ਜ਼ਹਰੀਲਾ ਹੋ ਸਕਦਾ ਹੈ ਅਤੇ ਤੁਹਾਨੂੰ ਚਮੜੀ ਦੇ ਰੋਗ ਦਾ ਖ਼ਤਰਾ ਹੁੰਦਾ ਹੈ। 

rajwinder kaur

This news is Content Editor rajwinder kaur