ਸਰਦੀਆਂ 'ਚ ਸਭ ਤੋਂ ਵੱਧ ਹੁੰਦੈ ਹਾਰਟ ਅਟੈਕ ਦਾ ਖ਼ਤਰਾ, ਜਾਣੋ ਕਿਵੇਂ ਕਰੀਏ ਬਚਾਅ
Friday, Nov 22, 2024 - 05:43 AM (IST)
ਹੈਲਥ ਡੈਸਕ - ਮੌਸਮ ਬਦਲ ਰਿਹਾ ਹੈ ਅਤੇ ਦੇਸ਼ ਦੇ ਕਈ ਇਲਾਕਿਆਂ 'ਚ ਸਰਦੀ ਨੇ ਦਸਤਕ ਦੇ ਦਿੱਤੀ ਹੈ। ਜਦੋਂ ਵੀ ਤਾਪਮਾਨ ਘਟਣ ਲੱਗਦਾ ਹੈ ਤਾਂ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਪਰ ਸਭ ਤੋਂ ਵੱਡਾ ਖ਼ਤਰਾ ਦਿਲ ਦੀਆਂ ਬਿਮਾਰੀਆਂ ਦਾ ਹੁੰਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅਧਿਐਨ ਮੁਤਾਬਕ ਸਰਦੀਆਂ 'ਚ ਹਾਰਟ ਅਟੈਕ ਦੇ ਮਾਮਲੇ 30 ਫੀਸਦੀ ਵੱਧ ਜਾਂਦੇ ਹਨ। ਭਾਰਤ ਵਿੱਚ ਵੀ ਹਰ ਸਾਲ ਸਰਦੀਆਂ ਵਿੱਚ ਹਾਰਟ ਅਟੈਕ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ। ਏਮਜ਼ ਦਿੱਲੀ ਦੀ ਖੋਜ ਦਰਸਾਉਂਦੀ ਹੈ ਕਿ ਸਰਦੀਆਂ ਵਿੱਚ ਦੇਸ਼ ਵਿੱਚ ਹਾਰਟ ਅਟੈਕ ਦੇ ਕੇਸਾਂ ਵਿੱਚ 25 ਪ੍ਰਤੀਸ਼ਤ ਵਾਧਾ ਹੁੰਦਾ ਹੈ।
ਪਹਿਲਾਂ ਇਹ ਸਮੱਸਿਆ ਬਜ਼ੁਰਗਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਸੀ ਪਰ ਹੁਣ ਲੋਕ ਛੋਟੀ ਉਮਰ ਵਿੱਚ ਵੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਡਿੱਗਦਾ ਤਾਪਮਾਨ, ਖਰਾਬ ਜੀਵਨ ਸ਼ੈਲੀ, ਗਲਤ ਖਾਣ-ਪੀਣ ਦੀਆਂ ਆਦਤਾਂ ਇਸ ਮੌਸਮ 'ਚ ਹਾਰਟ ਅਟੈਕ ਦੇ ਵਧਣ ਦੇ ਮੁੱਖ ਕਾਰਨ ਹਨ। ਸਰਦੀਆਂ ਵਿੱਚ ਹਾਰਟ ਅਟੈਕ ਕਿਉਂ ਵਧਦੇ ਹਨ? ਇਸ ਸਬੰਧੀ ਰਾਜੀਵ ਗਾਂਧੀ ਹਸਪਤਾਲ ਦੇ ਕਾਰਡੀਓਲਾਜੀ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ: ਅਜੀਤ ਜੈਨ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਠੰਢੇ ਤਾਪਮਾਨ ਕਾਰਨ ਦਿਲ ਦੀਆਂ ਨਾੜੀਆਂ ਵਿੱਚ ਖ਼ੂਨ ਦੀ ਸਪਲਾਈ ਠੀਕ ਤਰ੍ਹਾਂ ਨਹੀਂ ਹੁੰਦੀ, ਜਿਸ ਕਾਰਨ ਬੀ.ਪੀ. ਵੱਧ ਜਾਂਦਾ ਹੈ ਅਤੇ ਉੱਥੇ ਹੀ ਹਾਰਟ ਅਟੈਕ ਦਾ ਖ਼ਤਰਾ ਰਹਿੰਦਾ ਹੈ।
ਪ੍ਰਦੂਸ਼ਣ ਵੀ ਇੱਕ ਵੱਡਾ ਖਤਰਾ
ਡਾ: ਅਜੀਤ ਜੈਨ ਦਾ ਕਹਿਣਾ ਹੈ ਕਿ ਇਸ ਮੌਸਮ 'ਚ ਠੰਡ ਅਤੇ ਹਵਾ ਪ੍ਰਦੂਸ਼ਣ ਦੋਵਾਂ ਕਾਰਨ ਹਾਰਟ ਅਟੈਕ ਦਾ ਖ਼ਤਰਾ ਰਹਿੰਦਾ ਹੈ | ਸਰਦੀਆਂ ਵਿੱਚ ਹਵਾ ਪ੍ਰਦੂਸ਼ਣ ਵੀ ਜ਼ਿਆਦਾ ਹੁੰਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ, ਕਿਉਂਕਿ ਪ੍ਰਦੂਸ਼ਣ ਦੇ ਕਣ ਸਾਹ ਰਾਹੀਂ ਫੇਫੜਿਆਂ ਵਿੱਚ ਦਾਖ਼ਲ ਹੁੰਦੇ ਹਨ। ਇਹ ਕਣ ਖੂਨ ਵਿੱਚ ਵੀ ਜਮ੍ਹਾਂ ਹੋ ਜਾਂਦੇ ਹਨ ਅਤੇ ਨਾੜੀਆਂ ਵਿੱਚ ਰੁਕਾਵਟ ਪੈਦਾ ਕਰਦੇ ਹਨ। ਜਿਸ ਕਾਰਨ ਖੂਨ ਦੀ ਸਪਲਾਈ ਠੀਕ ਢੰਗ ਨਾਲ ਨਹੀਂ ਹੋ ਪਾਉਂਦੀ। ਇਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ ਅਤੇ ਹਾਰਟ ਅਟੈਕ ਹੋ ਸਕਦਾ ਹੈ।
ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ, ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ, ਉੱਚ ਕੋਲੇਸਟ੍ਰੋਲ, ਸ਼ੂਗਰ ਜਾਂ ਮੋਟਾਪਾ ਹੈ, ਉਨ੍ਹਾਂ ਨੂੰ ਸਰਦੀਆਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਹੁੰਦਾ ਹੈ। ਅਜਿਹੇ 'ਚ ਇਨ੍ਹਾਂ ਲੋਕਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ।
ਹਾਰਟ ਅਟੈਕ ਦੇ ਲੱਛਣ ?
ਛਾਤੀ ਵਿੱਚ ਦਰਦ ਜਾਂ ਦਬਾਅ ਮਹਿਸੂਸ ਕਰਨਾ
ਛਾਤੀ ਤੋਂ ਖੱਬੀ ਬਾਂਹ ਜਾਂ ਪਾਸੇ ਵੱਲ ਜਾਣ ਵਾਲਾ ਦਰਦ
ਸਾਹ ਦੀ ਤਕਲੀਫ਼
ਚੱਕਰ ਆਉਣਾ
ਉਲਟੀਆਂ
ਛਾਤੀ ਵਿੱਚ ਭਾਰੀਪਨ ਮਹਿਸੂਸ ਹੋਣਾ
ਸਰਦੀਆਂ ਵਿੱਚ ਹਾਰਟ ਅਟੈਕ ਤੋਂ ਕਿਵੇਂ ਬਚਿਆ ਜਾਵੇ
ਇੱਕ ਸਿਹਤਮੰਦ ਖੁਰਾਕ ਖਾਓ ਜਿਸ ਵਿੱਚ ਫਲ ਅਤੇ ਸਬਜ਼ੀਆਂ ਸ਼ਾਮਲ ਹਨ
ਸਵੇਰੇ ਅਤੇ ਸ਼ਾਮ ਨੂੰ ਘੱਟ ਤਾਪਮਾਨ ਵਿੱਚ ਕਸਰਤ ਕਰਨ ਤੋਂ ਬਚੋ
ਸਿਗਰਟ ਨਾ ਪੀਓ
ਸ਼ਰਾਬ ਦਾ ਸੇਵਨ ਨਾ ਕਰੋ
ਆਪਣੇ ਕੋਲੈਸਟ੍ਰੋਲ ਦੀ ਨਿਯਮਤ ਜਾਂਚ ਕਰਵਾਓ
ਐਸਪਰੀਨ ਵਰਗੀਆਂ ਦਵਾਈਆਂ ਆਪਣੇ ਨਾਲ ਰੱਖੋ
ਗਰਮ ਕੱਪੜੇ ਪਹਿਨੋ
ਫਾਸਟ ਫੂਡ ਤੋਂ ਬਚੋ
ਨਿਯਮਿਤ ਤੌਰ 'ਤੇ ਆਪਣੇ ਬੀਪੀ ਦੀ ਜਾਂਚ ਕਰਦੇ ਰਹੋ