ਹਾਈ BP ਦੇ ਮਰੀਜ਼ਾਂ ਲਈ ਵੱਡੀ ਰਾਹਤ ! ਸੰਗੀਤ ਦੀ ਧੁਨ 'ਚ ਲੁਕਿਆ ਸਿਹਤ ਦਾ ਰਾਜ਼
Sunday, Sep 27, 2026 - 07:40 PM (IST)
ਨਵੀਂ ਦਿੱਲੀ, (ਇੰਟ.) : ਭੱਜ-ਦੌੜ ਭਰੀ ਜ਼ਿੰਦਗੀ, ਕੰਮ ਦਾ ਦਬਾਅ ਅਤੇ ਲਗਾਤਾਰ ਵਧਦਾ ਤਣਾਅ ਬਲੱਡ ਪ੍ਰੈਸ਼ਰ (ਬੀ. ਪੀ.) ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ ’ਚ ਤਣਾਅ ਦੌਰਾਨ ਕੁਝ ਦੇਰ ਮਨਪਸੰਦ ਸੰਗੀਤ ਸੁਣਨਾ ਸਿਰਫ਼ ਮਨ ਨੂੰ ਸਕੂਨ ਦੇਣ ਤੱਕ ਸੀਮਤ ਨਹੀਂ ਰਹਿ ਸਕਦਾ, ਸਗੋਂ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਵੀ ਮਦਦਗਾਰ ਹੋ ਸਕਦਾ ਹੈ। ਇਕ ਅਧਿਐਨ ’ਚ ਸੰਗੀਤ ਸੁਣਨ ਵਾਲੇ ਲੋਕਾਂ ਦੇ ਬਲੱਡ ਪ੍ਰੈਸ਼ਰ ’ਚ ਥੋੜ੍ਹੇ ਸਮੇਂ ’ਚ ਗਿਰਾਵਟ ਦਰਜ ਕੀਤੀ ਗਈ ਹੈ।
ਦਵਾਈ ਤੇ ਸੰਗੀਤ ਵਾਲੇ ਸਮੂਹਾਂ ’ਚ ਤੁਲਨਾ
ਮਾਹਰਾਂ ਮੁਤਾਬਕ ਅਚਾਨਕ ਤਣਾਅ ਜਾਂ ਮਾਨਸਿਕ ਦਬਾਅ ਦੀ ਸਥਿਤੀ ’ਚ ਸਰੀਰ ’ਚ ਅਜਿਹੇ ਬਦਲਾਅ ਹੁੰਦੇ ਹਨ, ਜਿਨ੍ਹਾਂ ਨਾਲ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸੇ ਵਜ੍ਹਾ ਨਾਲ ਤਣਾਅ ਨੂੰ ਹਾਈ ਬਲੱਡ ਪ੍ਰੈਸ਼ਰ ਨਾਲ ਜੁੜੇ ਪ੍ਰਮੁੱਖ ਕਾਰਕਾਂ ’ਚ ਮੰਨਿਆ ਜਾਂਦਾ ਹੈ। ਅਧਿਐਨ ’ਚ ਇਸੇ ਸਥਿਤੀ ’ਚ ਸੰਗੀਤ ਦੇ ਸੰਭਾਵੀ ਅਸਰ ਨੂੰ ਦੇਖਿਆ ਗਿਆ। ਅਧਿਐਨ ’ਚ ਮਰੀਜ਼ਾਂ ਨੂੰ 2 ਸਮੂਹਾਂ ’ਚ ਵੰਡਿਆ ਗਿਆ। ਇਕ ਸਮੂਹ ਨੂੰ ਬਲੱਡ ਪ੍ਰੈਸ਼ਰ ਘੱਟ ਕਰਨ ਵਾਲੀ ਦਵਾਈ ਦਿੱਤੀ ਗਈ, ਜਦਕਿ ਦੂਜੇ ਸਮੂਹ ਨੂੰ ਹੈੱਡਸੈੱਟ ਰਾਹੀਂ ਸੰਗੀਤ ਸੁਣਾਇਆ ਗਿਆ। ਇਸ ਤੋਂ ਬਾਅਦ ਦੋਵਾਂ ਸਮੂਹਾਂ ਦੇ ਬਲੱਡ ਪ੍ਰੈਸ਼ਰ ’ਚ ਆਏ ਬਦਲਾਅ ਨੂੰ ਰਿਕਾਰਡ ਕੀਤਾ ਗਿਆ। ਖੋਜਕਰਤਾਵਾਂ ਨੇ ਪਾਇਆ ਕਿ ਸੰਗੀਤ ਸੁਣਨ ਵਾਲੇ ਸਮੂਹ ’ਚ ਵੀ ਬਲੱਡ ਪ੍ਰੈਸ਼ਰ ’ਚ ਸ਼ੁਰੂਆਤੀ ਗਿਰਾਵਟ ਆਈ।
15 ਮਿੰਟ ’ਚ ਦਿਸਿਆ ਅਸਰ
ਅਧਿਐਨ ਅਨੁਸਾਰ ਕੰਟਰੋਲ ਸਮੂਹ ਦੀ ਤੁਲਨਾ ’ਚ ਬੀ. ਪੀ. ਘੱਟ ਕਰਨ ਵਾਲੇ ਸੰਗੀਤ ਦੀ ਵਰਤੋਂ ਕਰਨ ਵਾਲੇ ਮਰੀਜ਼ਾਂ ਦਾ ਔਸਤ ਬਲੱਡ ਪ੍ਰੈਸ਼ਰ ਲੱਗਭਗ 15 ਮਿੰਟ ਦੇ ਅੰਦਰ ਘਟਣ ਲੱਗਾ। ਇਸ ਮਿਆਦ ’ਚ ਸੰਗੀਤ ਸੁਣਨ ਵਾਲੇ ਸਮੂਹ ਦੇ ਬਲੱਡ ਪ੍ਰੈਸ਼ਰ ’ਚ ਲੱਗਭਗ 12 ਫੀਸਦੀ ਤੱਕ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸ਼ਾਂਤ ਕਰਨ ਵਾਲਾ ਸੰਗੀਤ ਤਣਾਅ ਦੇ ਸਮੇਂ ਸਰੀਰ ’ਤੇ ਹਾਂ-ਪੱਖੀ ਅਸਰ ਪਾ ਸਕਦਾ ਹੈ। ਅਧਿਐਨ ’ਚ ਪਾਇਆ ਗਿਆ ਕਿ ਲੱਗਭਗ 30 ਮਿੰਟਾਂ ’ਚ ਬਲੱਡ ਪ੍ਰੈਸ਼ਰ ’ਚ ਗਿਰਾਵਟ 14 ਤੋਂ 15 ਫੀਸਦੀ ਤੱਕ ਪਹੁੰਚ ਗਈ। ਹਾਲਾਂਕਿ ਇਹ ਅਸਰ ਸਥਾਈ ਨਹੀਂ ਰਿਹਾ। ਲੱਗਭਗ 60 ਮਿੰਟ ਬਾਅਦ ਦੋਵਾਂ ਸਮੂਹਾਂ ਦਾ ਬਲੱਡ ਪ੍ਰੈਸ਼ਰ ਲੱਗਭਗ ਸਮਾਨ ਪੱਧਰ ’ਤੇ ਆ ਗਿਆ। ਭਾਵ ਸੰਗੀਤ ਤੋਂ ਮਿਲਣ ਵਾਲਾ ਅਸਰ ਤੁਰੰਤ ਰਾਹਤ ਦੇਣ ਵਾਲਾ ਹੋ ਸਕਦਾ ਹੈ ਪਰ ਇਸ ਨੂੰ ਦਵਾਈ ਦਾ ਬਦਲ ਨਹੀਂ ਮੰਨਿਆ ਜਾ ਸਕਦਾ।
ਤਣਾਅ ਘੱਟ ਕਰਨ ’ਚ ਵੀ ਮਦਦ
ਮਾਹਰਾਂ ਦਾ ਮੰਨਣਾ ਹੈ ਕਿ ਸੰਗੀਤ ਮਾਨਸਿਕ ਤਣਾਅ ਅਤੇ ਬੇਚੈਨੀ ਨੂੰ ਘੱਟ ਕਰਨ ’ਚ ਮਦਦ ਕਰ ਸਕਦਾ ਹੈ। ਤਣਾਅ ਘੱਟ ਹੋਣ ’ਤੇ ਸਰੀਰ ਦੀ ਪ੍ਰਤੀਕਿਰਿਆ ਵੀ ਆਮ ਹੋ ਸਕਦੀ ਹੈ, ਜਿਸ ਦਾ ਅਸਰ ਬਲੱਡ ਪ੍ਰੈਸ਼ਰ ’ਤੇ ਪੈਂਦਾ ਹੈ। ਹਾਲਾਂਕਿ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਨਾਲ ਦਵਾਈ ਅਤੇ ਨਿਯਮਤ ਇਲਾਜ ਜਾਰੀ ਰੱਖਣਾ ਚਾਹੀਦਾ ਹੈ। ਸੰਗੀਤ ਨੂੰ ਕੇਵਲ ਸਹਾਇਕ ਉਪਾਅ ਵਜੋਂ ਅਪਣਾਇਆ ਜਾ ਸਕਦਾ ਹੈ।
