ਅਸਥਮਾ, ਕੈਂਸਰ ਅਤੇ ਹਾਰਟ ਅਟੈਕ ਦਾ ਕਾਰਨ ਬਣਦਾ ਹੈ ਪਟਾਕਿਆਂ ਦਾ ਧੂੰਆ, ਇੰਝ ਕਰੋ ਬਚਾਅ
Friday, Nov 02, 2018 - 05:30 PM (IST)

ਨਵੀਂ ਦਿੱਲੀ— ਦੀਵਾਲੀ ਦੇ ਤਿਉਹਾਰ 'ਤੇ ਪਟਾਕਿਆਂ ਦੀ ਆਵਾਜ਼ ਸੁਣਾਈ ਨਾ ਦੇਵੇ ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਬਿਨਾ ਪਟਾਕੇ ਚਲਾਏ ਦੀਵਾਲੀ ਅਧੂਰੀ ਹੈ ਪਰ ਸ਼ਾਇਦ ਤੁਸੀਂ ਇਸ ਗੱਲ ਵੱਲ ਇੰਨਾ ਜ਼ਿਆਦਾ ਧਿਆਨ ਨਹੀਂ ਦੇ ਰਹੇ ਕਿ ਬਿਨਾ ਸਾਹ ਦੇ ਜਿਉਣਾ ਮੁਸ਼ਕਲ ਹੀ ਨਹੀਂ ਅਸੰਭਵ ਹੈ। ਦੂਸ਼ਿਤ ਵਾਤਾਵਰਣ ਦਾ ਸਿੱਧਾ ਅਸਰ ਸਾਡੀ ਸਿਹਤ 'ਤੇ ਪੈਂਦਾ ਹੈ। ਇਸ ਸਮੇਂ ਦਿੱਲੀ ਅਤੇ ਪੰਜਾਬ ਵਰਗੇ ਨਾਲ ਲੱਗਦੇ ਰਾਜ ਹਵਾ ਪ੍ਰਦੂਸ਼ਣ ਦੀ ਚਪੇਟ 'ਚ ਹਨ। ਜਿਸ ਦੇ ਕਰਕੇ ਦਮਾ, ਕੈਂਸਰ, ਸਕਿਨ ਸਮੱਸਿਆ ਵਰਗੀਆਂ ਕਈ ਬੀਮਾਰੀਆਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਇਲਾਵਾ ਵੀ ਲੋਕ ਕਈ ਤਰ੍ਹਾਂ ਦੀ ਹੈਲਥ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ।
1. ਧੁੰਏ ਦਾ ਮਾੜਾ ਨਤੀਜਾ
ਵਾਤਾਵਰਣ 'ਚ ਪਟਾਕਿਆਂ ਦੇ ਧੁੰਏ ਨਾਲ ਇਕ ਦੂਸ਼ਿਤ ਪਰਤ ਬਣ ਜਾਂਦੀ ਹੈ, ਜਿਸ ਨਾਲ ਸਾਹ ਲੈਣ 'ਚ ਦਿੱਕਤ, ਅੱਖਾਂ 'ਚ ਲਾਲਗੀ, ਜਲਣ, ਸਕਿਨ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਜ਼ਿਆਦਾ ਸਾਹਮਣੇ ਆਉਂਦੀਆਂ ਹਨ ਜਦਕਿ ਬੱਚੇ, ਬਜ਼ੁਰਗ,ਗਰਭਵਤੀ ਮਹਿਲਾ ਅਤੇ ਦਿਲ ਅਤੇ ਦਮੇ ਦੇ ਮਰੀਜ਼ ਇਸ ਦੇ ਜਲਦੀ ਸ਼ਿਕਾਰ ਹੋ ਜਾਂਦੇ ਹਨ। ਪ੍ਰਦੂਸ਼ਣ ਦਾ ਵਧਦਾ ਪੱਧਰ ਸਿਹਤ ਲਈ ਬੇਹੱਦ ਖਤਰਨਾਕ ਹੈ। ਇਸ 'ਚ ਮੌਜੂਦ ਪ੍ਰਦੂਸ਼ਣਕਾਰੀ ਕਣ ਖੂਨ ਦੀਆਂ ਨਾੜੀਆਂ 'ਚ ਪਹੁੰਚ ਕੇ ਖਤਰਾ ਪੈਦਾ ਕਰਦੇ ਹਨ। ਹਵਾ 'ਚ ਪੀ.ਐੱਮ.ਪੱਧਰ 2.5 ਦੀ ਮੌਜੂਦਗੀ ਦਾ 0-60 ਤਕ ਦਾ ਪੱਧਰ ਸਿਹਤ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ।
ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਨੁਕਸਾਨ
ਧੁੰਏ ਦੇ ਸੰਪਰਕ 'ਚ ਆਉਣ ਨਾਲ ਗਰਭ ਅਵਸਥਾ 'ਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ ਹਨ। ਨਵਜੰਮੇ ਬੱਚੇ ਨੂੰ ਸਾਹ ਸੰਬੰਧੀ ਸਮੱਸਿਆਵਾਂ ਦੇ ਨਾਲ-ਨਾਲ ਇਹ ਗਰਭਪਾਤ ਲਈ ਵੀ ਜ਼ਿੰਮੇਦਾਰ ਹੋ ਸਕਦਾ ਹੈ। ਉੱਥੇ ਹੀ ਛੋਟੇ ਬੱਚੇ ਧੁੰਏ ਦੀ ਵਜ੍ਹਾ ਨਾਲ ਸਕਿਨ ਐਲਰਜੀ, ਅੱਖਾਂ 'ਚ ਜਲਣ ਅਤੇ ਲਾਲਗੀ ਦੇ ਸ਼ਿਕਾਰ ਹੋ ਸਕਦੇ ਹਨ।
ਅਸਥਮਾ ਅਟੈਕ ਦਾ ਖਤਰਾ
ਦਮਾ ਜਾਂ ਕਿਸੇ ਵੀ ਤਰ੍ਹਾਂ ਦੀ ਸਾਹ ਸੰਬੰਧੀ ਐਲਰਜੀ ਨਾਲ ਪੀੜਤ ਮਰੀਜ਼ ਪਟਾਕਿਆਂ ਤੋਂ ਦੂਰ ਰਹੋ। ਪਟਾਕਿਆਂ 'ਚ ਮੌਜੂਦ ਛੋਟੇ-ਛੋਟੇ ਕਣ ਸਾਹ ਫੁੱਲਣ ਦੇ ਨਾਲ ਫੇਫੜਿਆਂ 'ਚ ਸੋਜ ਵੀ ਕਰਦੇ ਹਨ। ਪਟਾਕਿਆਂ ਦੇ ਧੁੰਏ 'ਚ ਮੌਜੂਦ ਜ਼ਹਿਰੀਲੇ ਕਣਾਂ ਦੇ ਫੇਫੜਿਆਂ ਤਕ ਪਹੁੰਚਣ ਨਾਲ ਅਸਥਮਾ ਜਾਂ ਦਮੇ ਦਾ ਅਟੈਕ ਆ ਸਕਦਾ ਹੈ। ਦਮਾ ਮਰੀਜ਼ਾਂ ਨੂੰ ਅਜਿਹੇ ਵਾਤਾਵਰਣ 'ਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਹਾਰਟ ਅਟੈਕ ਦਾ ਖਤਰਾ
ਪਟਾਕਿਆਂ 'ਚ ਲੈਡ ਨਾਂ ਦਾ ਰਸਾਇਨ ਮੌਜੂਦ ਹੁੰਦਾ ਹੈ ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ। ਪਟਾਕਿਆਂ 'ਚੋਂ ਨਿਕਲਣ ਵਾਲੇ ਧੁੰਏ ਦਾ ਸਰੀਰ 'ਚ ਜਾਣ ਨਾਲ ਖੂਨ ਦੇ ਪ੍ਰਵਾਹ 'ਚ ਰੁਕਾਵਟ ਆਉਣ ਲੱਗਦੀ ਹੈ। ਦਿਮਾਗ ਤਕ ਭਰਪੂਰ ਮਾਤਰਾ 'ਚ ਖੂਨ ਨਾ ਪਹੁੰਚਣ ਕਾਰਨ ਵਿਅਕਤੀ ਸਟ੍ਰੋਕ ਦਾ ਸ਼ਿਕਾਰ ਹੋ ਸਕਦਾ ਹੈ। ਅਜਿਹੇ 'ਚ ਹਾਰਟ ਅਟੈਕ ਦੇ ਮਰੀਜ਼ਾਂ ਨੂੰ ਵੀ ਖਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ।
ਕੈਂਸਰ ਦਾ ਖਤਰਾ
ਪਟਾਕਿਆਂ ਨੂੰ ਰੰਗ-ਬਿਰੰਗੇ ਬਣਾਉਣ ਲਈ ਰੇਡਿਓਐਕਟਿਵ ਵਰਗੇ ਕਈ ਜ਼ਹਿਰੀਲੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪਦਾਰਥ ਧੁੰਏ ਨਾਲ ਮਿਲ ਕੇ ਸਾਹ ਦੇ ਜ਼ਰੀਏ ਸਰੀਰ 'ਚ ਚਲੇ ਜਾਂਦੇ ਹਨ। ਇਸ ਨਾਲ ਕੈਂਸਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਸਕਿਨ ਐਲਰਜੀ
ਵਧਦੇ ਪ੍ਰਦੂਸ਼ਣ ਨਾਲ ਸਕਿਨ ਐਲਰਜੀ 'ਚ ਚਮੜੀ ਲਾਲ, ਖਾਰਸ਼ ਅਤੇ ਸਕਿਨ ਕੈਂਸਰ ਵਰਗੀ ਸਮੱਸਿਆ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ।
2. ਧੁੰਆ ਰਹਿਤ ਪਟਾਕਿਆਂ ਦੀ ਕਰੋ ਚੋਣ
ਜੇਕਰ ਤੁਸੀਂ ਬੱਚਿਆਂ ਨੂੰ ਖੁਸ਼ ਕਰਨ ਜਾਂ ਸ਼ੌਕ ਦੇ ਲਈ ਕੁਝ ਸਮੇਂ ਪਟਾਕੇ ਚਲਾਉਣ ਦੇਣਾ ਚਾਹੁੰਦੇ ਹੋ ਤਾਂ ਮਾਰਕਿਟ 'ਚ ਇਕੋ-ਫ੍ਰੈਂਡਲੀ ਪਟਾਕੇ ਉਪਲਬਧ ਕਰਵਾਓ ਜਿਸ 'ਚੋਂ ਧੂੰਆ ਨਾ ਦੇ ਬਰਾਬਰ ਹੋਵੇ। ਵੱਡੇ ਪਟਾਕੇ ਹੋਣਗੇ ਤਾਂ ਧੂੰਆ ਅਤੇ ਧਮਾਕਾ ਵੀ ਓਨਾ ਹੀ ਜ਼ਿਆਦਾ ਹੋਵੇਗਾ। ਇਸ ਲਈ ਇਨ੍ਹਾਂ ਨੂੰ ਚਲਾਉਣ ਤੋਂ ਪਰਹੇਜ਼ ਕਰੋ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ 'ਚ ਆਪਣਾ ਯੋਗਦਾਨ ਪਾਓ।
3. ਪਟਾਕਿਆਂ ਅਤੇ ਪ੍ਰਦੂਸ਼ਣ ਤੋਂ ਬਚਣ ਲਈ ਵਰਤੋਂ ਇਹ ਸਾਵਧਾਨੀਆਂ
- ਕੋਸ਼ਿਸ਼ ਕਰੋ ਕਿ ਤੁਸੀਂ ਪਟਾਕੇ ਨਾ ਜਲਾਓ ਜਾਂ ਉਨ੍ਹਾਂ ਦੀ ਘੱਟ ਵਰਤੋਂ ਕਰੋ।
- ਸਾਹ ਲੈਣ 'ਚ ਪ੍ਰੇਸ਼ਾਨੀ ਹੋਵੇ ਤਾਂ ਤੁਰੰਤ ਡਾਕਟਰ ਤੋਂ ਚੈਕਅੱਪ ਕਰਵਾਓ।
- ਤਿਉਹਾਰਾਂ ਦੌਰਾਨ ਸਿਹਤਮੰਦ ਜੀਵਨਸ਼ੈਲੀ ਅਪਣਾਓ।
- ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ ਤਾਂ ਕਿ ਸਰੀਰ ਹਾਈਡ੍ਰੇਟਿਡ ਰਹੇ ਅਤੇ ਪ੍ਰਦੂਸ਼ਣ ਨਾਲ ਨੁਕਸਾਨ ਨਾ ਹੋਵੇ।
- ਅੱਖਾਂ 'ਤੇ ਚਸ਼ਮਾ ਲਗਾ ਕੇ ਪਟਾਕੇ ਜਲਾਓ ਕਿਉਂਕਿ ਇਸ ਤੋਂ ਅੱਖਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।
- ਘਰ ਦੇ ਖਿੜਕੀ ਦਰਵਾਜ਼ੇ ਬੰਦ ਰੱਖੋ ਅਤੇ ਏਅਰ ਪਿਊਰੀਫਾਇਰ ਦਾ ਇਸਤੇਮਾਲ ਕਰੋ ਤਾਂ ਕਿ ਘਰ ਦੀ ਹਵਾ ਪ੍ਰਦੂਸ਼ਿਤ ਨਾ ਹੋਵੇ।
- ਪ੍ਰਦੂਸ਼ਣ ਅਤੇ ਪਟਾਕਿਆਂ ਦੇ ਧੁੰਏ ਤੋਂ ਬਚਣ ਲਈ ਮੂੰਹ ਨੂੰ ਕੱਪੜੇ ਜਾਂ ਮਾਸਕ ਨਾਲ ਢੱਕ ਲਓ।