Health Tips: ਢਿੱਡ ਫੁੱਲਣ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਅਜਵਾਇਣ, ਜਾਣੋ ਵਰਤੋਂ ਦਾ ਸਹੀ ਤਰੀਕਾ

Wednesday, Aug 30, 2023 - 06:38 PM (IST)

Health Tips: ਢਿੱਡ ਫੁੱਲਣ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਅਜਵਾਇਣ, ਜਾਣੋ ਵਰਤੋਂ ਦਾ ਸਹੀ ਤਰੀਕਾ

ਜਲੰਧਰ - ਭਾਰਤੀ ਰਸੋਈ ‘ਚ ਮੌਜੂਦ ਮਸਾਲੇ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਅਜਵਾਇਣ ਇਹਨਾਂ ਮਸਾਲਿਆਂ ਵਿੱਚੋਂ ਇੱਕ ਹੈ। ਅਜਵਾਇਣ ‘ਚ ਪ੍ਰੋਟੀਨ, ਫੈਟ, ਫਾਈਬਰ, ਮਿਨਰਲ, ਕੈਲਸ਼ੀਅਮ, ਖਣਿਜ, ਵਿਟਾਮਿਨ, ਆਇਰਨ ਅਤੇ ਨਿਕੋਟਿਨਿਕ ਐਸਿਡ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਣ ‘ਚ ਮਦਦ ਕਰਦੇ ਹਨ। ਅਜਵਾਇਣ ਢਿੱਡ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਦੀ ਹੈ। ਅਜਵਾਇਣ ਨੂੰ ਨਿਯਮਿਤ ਰੂਪ ਨਾਲ ਖਾਣ ਨਾਲ ਢਿੱਡ ਫੁੱਲਣਾ, ਬਦਹਜ਼ਮੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਢਿੱਡ ਨਾਲ ਸਬੰਧਿਤ ਸਮੱਸਿਆਵਾਂ ਹੋਣ 'ਤੇ ਅਜਵਾਇਣ ਦਾ ਸੇਵਨ ਕਿਹੜੇ-ਕਿਹੜੇ ਤਰੀਕਿਆਂ ਨਾਲ ਕਰਨਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ.... 

ਢਿੱਡ ਫੁੱਲਣ 'ਤੇ ਅਜਵਾਇਨ ਦਾ ਪਾਣੀ ਪੀਓ
ਢਿੱਡ ਫੁੱਲਣ ਦੀ ਸਮੱਸਿਆ ਹੋਣ 'ਤੇ ਅਜਵਾਇਣ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਢਿੱਡ ਦੀ ਚਰਬੀ ਘੱਟ ਹੋ ਜਾਂਦੀ ਹੈ। ਅਜਵਾਇਣ ਦਾ ਪਾਣੀ ਬਣਾਉਣ ਲਈ ਇਕ ਗਲਾਸ ਪਾਣੀ ਲੈ ਕੇ ਉਸ ਨੂੰ ਥੋੜ੍ਹਾ ਜਿਹਾ ਕੋਸਾ ਕਰ ਲਓ। ਫਿਰ ਉਸ 'ਚ ਇਕ ਚਮਚ ਅਜਵਾਈਣ ਪਾ ਦਿਓ। ਇਸ ਪਾਣੀ ਨੂੰ ਅੱਧਾ ਹੋਣ ਤੱਕ ਉਬਾਲ ਦਿਓ। ਹੁਣ ਇਸ ਪਾਣੀ ਨੂੰ ਛਾਣ ਕੇ ਪੀਓ, ਜਿਸ ਨਾਲ ਗੈਸ ਅਤੇ ਢਿੱਡ ਫੁੱਲਣ ਦੀ ਸਮੱਸਿਆ ਜਲਦੀ ਦੂਰ ਹੋ ਜਾਵੇਗੀ।

ਅਜਵਾਈਨ ਨੂੰ ਚਬਾ ਕੇ ਖਾਓ
ਅਜਵਾਇਣ ਚਬਾਉਣ ਨਾਲ ਢਿੱਡ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਢਿੱਡ ਫੁੱਲਣ, ਗੈਸ ਅਤੇ ਖੱਟੇ ਡੰਕਾਰ ਦੀ ਸਮੱਸਿਆ ਹੈ ਤਾਂ ਅਜਵਾਈਣ ਨੂੰ ਚਬਾ ਕੇ ਖਾਓ। ਅਜਵਾਇਣ ਨੂੰ ਚਬਾਉਣ ਨਾਲ ਇਸ ਦਾ ਜੂਸ ਆਸਾਨੀ ਨਾਲ ਢਿੱਡ ਵਿੱਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਢਿੱਡ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।  

ਅਜਵਾਇਨ ਨੂੰ ਰਾਤ ਭਰ ਭਿਓ ਕੇ ਰੱਖੋ
ਢਿੱਡ ਫੁੱਲਣ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਅਜਵਾਈਣ ਨੂੰ ਇਕ ਗਲਾਸ ਪਾਣੀ ਵਿੱਚ ਰਾਤ ਭਰ ਭਿਓ ਕੇ ਰੱਖ ਲਓ। ਅਗਲੀ ਸਵੇਰ ਉੱਠਦੇ ਸਾਰ ਅਜਵਾਈਣ ਦੇ ਇਸ ਪਾਣੀ ਦਾ ਸੇਵਨ ਕਰ ਲਓ, ਜਿਸ ਨਾਲ ਢਿੱਡ ਫੁੱਲਣ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਪਾਚਨ ਤੰਤਰ ਮਜ਼ਬੂਤ ਰਹੇਗਾ। ਇਸ ਪਾਣੀ ਨੂੰ ਨਿਯਮਤ ਤੌਰ 'ਤੇ ਪੀਣ ਨਾਲ ਭੁੱਖ ਵੀ ਵਧਦੀ ਹੈ।

ਕੋਸੇ ਪਾਣੀ ਨਾਲ ਕਰੋ ਅਜਵਾਇਨ ਦਾ ਸੇਵਨ
ਜੇਕਰ ਤੁਹਾਨੂੰ ਖਾਣ ਵਿੱਚ ਅਜਵਾਇਣ ਦਾ ਸੁਆਦ ਖ਼ਰਾਬ ਲੱਗਦਾ ਹੈ ਤਾਂ ਤੁਸੀਂ ਇਸ ਨੂੰ ਕੋਸੇ ਪਾਣੀ ਨਾਲ ਲੈ ਸਕਦੇ ਹੋ। ਢਿੱਡ ਦੀ ਸਮੱਸਿਆ ਹੋਣ 'ਤੇ ਖਾਣਾ ਖਾਣ ਤੋਂ ਬਾਅਦ ਜਾਂ ਖਾਲੀ ਢਿੱਡ ਥੋੜ੍ਹੀ ਜਿਹੀ ਅਜਵਾਈਣ ਨੂੰ ਕੋਸਾ ਪਾਣੀ ਨਾਲ ਲਓ। ਅਜਿਹਾ ਕਰਨ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ ਅਤੇ ਗੈਸ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਅਜਵਾਇਨ ਦਾ ਪਾਊਡਰ ਬਣਾ ਕੇ ਕਰੋ ਸੇਵਨ
ਅਜਵਾਇਣ ਢਿੱਡ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਅਜਵਾਇਣ ਦਾ ਪਾਊਡਰ ਬਣਾਉਣ ਲਈ ਇਸ ਨੂੰ ਹਲਕਾ ਜਿਹਾ ਸੇਕ ਲਓ। ਫਿਰ ਅਜਵਾਇਣ ਨੂੰ ਠੰਡਾ ਹੋਣ ਤੋਂ ਬਾਅਦ ਮਿਕਸਰ 'ਚ ਪੀਸ ਕੇ ਪਾਊਡਰ ਬਣਾ ਲਓ। ਇਸ ਪਾਊਡਰ ਵਿੱਚ ਕਾਲਾ ਲੂਣ ਮਿਲਾ ਲਓ। ਰੋਜ਼ਾਨਾ ਭੋਜਨ ਖਾਣ ਤੋਂ ਬਾਅਦ ਇਸ ਪਾਊਡਰ ਦਾ ਸੇਵਨ ਕਰਨ ਨਾਲ ਭੁੱਖ ਵਧੇਗੀ ਅਤੇ ਭੋਜਨ ਹਜ਼ਮ ਹੁੰਦਾ ਹੈ।


author

rajwinder kaur

Content Editor

Related News