IPS ਵਾਈ. ਪੂਰਨ ਕੁਮਾਰ ਦੇ ਪੋਸਟਮਾਰਟਮ ਨੂੰ ਲੈ ਕੇ ਅਹਿਮ ਖ਼ਬਰ, ਕੀਤੀ ਜਾ ਸਕਦੀ ਹੈ ਇਹ ਕਾਰਵਾਈ

Tuesday, Oct 14, 2025 - 10:48 AM (IST)

IPS ਵਾਈ. ਪੂਰਨ ਕੁਮਾਰ ਦੇ ਪੋਸਟਮਾਰਟਮ ਨੂੰ ਲੈ ਕੇ ਅਹਿਮ ਖ਼ਬਰ, ਕੀਤੀ ਜਾ ਸਕਦੀ ਹੈ ਇਹ ਕਾਰਵਾਈ

ਚੰਡੀਗੜ੍ਹ (ਸੁਸ਼ੀਲ) : ਆਈ. ਪੀ. ਐੱਸ. ਵਾਈ. ਪੂਰਨ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪ੍ਰਸ਼ਾਸਨ ਅਤੇ ਪੁਲਸ ਦੇ ਸਾਰੇ ਇੰਤਜ਼ਾਮ 7ਵੇਂ ਦਿਨ ਵੀ ਧਰੇ ਰਹਿ ਗਏ। ਮ੍ਰਿਤਕ ਦੀ ਪਤਨੀ ਅਮਨੀਤ ਪੀ. ਕੁਮਾਰ ਅਤੇ ਪਰਿਵਾਰਕ ਮੈਂਬਰ ਪੋਸਟਮਾਰਟਮ ਲਈ ਰਾਜ਼ੀ ਨਹੀਂ ਹੋਏ। ਹੁਣ ਪੁਲਸ ਮਾਮਲੇ ’ਚ ਪੋਸਟਮਾਰਟਮ ਲਈ ਕਾਨੂੰਨੀ ਕਾਰਵਾਈ ਕਰ ਸਕਦੀ ਹੈ। ਕਿਸੇ ਵੀ ਮਾਮਲੇ ’ਚ ਸ਼ੱਕੀ ਮੌਤ ’ਚ ਪੋਸਟਮਾਰਟਮ ਮਹੱਤਵਪੂਰਨ ਹੈ। ਪਰਿਵਾਰ ਸਹਿਮਤੀ ਨਹੀਂ ਦਿੰਦਾ ਹੈ ਤਾਂ ਜਾਂਚ ਟੀਮ ਸੀ. ਆਰ. ਪੀ. ਸੀ. ਦੀ ਧਾਰਾ 174 ਤੇ 175 ਤਹਿਤ ਪੋਸਟਮਾਰਟਮ ਕਰਵਾ ਸਕਦੀ ਹੈ ਜਾਂ ਮੈਜਿਸਟ੍ਰੇਟ ਤੋਂ ਹੁਕਮ ਲੈ ਸਕਦੀ ਹੈ। ਜਾਂਚ ਟੀਮ ਲਈ ਘਟਨਾ ਸਥਾਨ ਤੋਂ ਸਬੂਤਾਂ ਦਾ ਵਿਸ਼ਲੇਸ਼ਣ ਜ਼ਰੂਰੀ ਹੈ। ਅਮਨੀਤ ਪੀ. ਕੁਮਾਰ ਤੇ ਪਰਿਵਾਰ ਹਰਿਆਣਾ ਦੇ ਡੀ. ਜੀ. ਪੀ ਸ਼ਤਰੂਜੀਤ ਸਿੰਘ ਕਪੂਰ ਤੇ ਤਤਕਾਲੀ ਐੱਸ. ਪੀ ਰੋਹਤਕ ਦੀ ਗ੍ਰਿਫ਼ਤਾਰੀ ’ਤੇ ਅੜਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ

ਪੀ. ਜੀ. ਆਈ. ’ਚ ਡਾਕਟਰਾਂ ਦੀ ਟੀਮ ਵੱਲੋਂ ਬੈਲਿਸਟਿਕ ਮਾਹਰ, ਮੈਜਿਸਟ੍ਰੇਟ ਤੇ ਪਰਿਵਾਰਕ ਪ੍ਰਤੀਨਿਧੀਆਂ ਦੀ ਮੌਜੂਦਗੀ ’ਚ ਪੋਸਟਮਾਰਟਮ ਕੀਤਾ ਜਾਵੇਗਾ, ਜਿਸ ਦੀ ਮੰਗ ਪਰਿਵਾਰ ਨੇ ਵੀ ਕੀਤੀ। ਬੈਲਿਸਟਿਕ ਜਾਂਚ ਇਹ ਨਿਰਧਾਰਤ ਕਰਨ ਲਈ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ ਕਿ ਕੀ ਘਟਨਾ ਸਥਾਨ ਤੋਂ ਬਰਾਮਦ ਗੋਲੀ ਤੇ ਕਾਰਤੂਸ ਆਈ. ਪੀ .ਐੱਸ. ਵੱਲੋਂ ਵਰਤੇ ਗਏ ਇਕ ਹੀ ਹਥਿਆਰ ਤੋਂ ਸਨ ਜਾਂ ਨਹੀਂ। ਹਾਲਾਂਕਿ ਘਟਨਾ ਨੂੰ 6 ਦਿਨਾਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਤੇ ਲਾਸ਼ ਸੜਨ ਲੱਗ ਪਈ ਹੈ। ਇਸ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਬਾਰੂਦ ਦੀ ਰਹਿੰਦ-ਖੂੰਹਦ ਵਰਗੇ ਮਹੱਤਵਪੂਰਨ ਫਾਰੈਂਸਿਕ ਨਮੂਨੇ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ। ਲਾਸ਼ ਅਤੇ ਕੱਪੜਿਆਂ ’ਤੇ ਬਾਰੂਦ ਦੇ ਨਿਸ਼ਾਨ ਗੋਲੀਬਾਰੀ ਦੀ ਰੇਂਜ ਤੇ ਮੌਤ ਦੇ ਤਰੀਕੇ ਦੀ ਪੁਸ਼ਟੀ ਲਈ ਮਹੱਤਵਪੂਰਨ ਹੈ। ਪੋਸਟਮਾਰਟਮ ’ਚ ਦੇਰੀ ਨਾਲ ਇਨ੍ਹਾਂ ਸਬੂਤਾਂ ਨੂੰ ਇਕੱਠੇ ਕਰਨਾ ਅਸੰਭਵ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪਵੇਗੀ ਰਿਕਾਰਡ ਤੋੜ ਠੰਡ! ਜਾਰੀ ਹੋਈ ਨਵੀਂ ਭਵਿੱਖਬਾਣੀ, ਲੋਕ ਪਹਿਲਾਂ ਹੀ ਕਰ ਲੈਣ ਤਿਆਰੀ
ਆਈ. ਪੀ. ਐੱਸ ਦੀ ਕਾਲ ਡਿਟੇਲ ਚੈੱਕ ਕਰ ਰਹੀ ਐੱਸ. ਆਈ. ਟੀ.
ਚੰਡੀਗੜ੍ਹ ਪੁਲਸ ਨੇ ਕਥਿਤ ਤੌਰ ’ਤੇ ਕਾਲ ਡਿਟੇਲ ਰਿਕਾਰਡਾਂ ਤੋਂ ਮਹੱਤਵਪੂਰਨ ਸੁਰਾਗ ਇਕੱਠੇ ਕੀਤੇ ਹਨ। ਸੂਤਰਾਂ ਮੁਤਾਬਕ ਇਹ ਕਦਮ ਚੁੱਕਣ ਤੋਂ ਪਹਿਲਾਂ ਵਾਈ. ਪੂਰਨ ਕੁਮਾਰ ਨੇ ਸੀਨੀਅਰ ਅਧਿਕਾਰੀਆਂ, ਵਕੀਲ ਤੇ ਕੁੱਝ ਜਾਣਕਾਰਾਂ ਨੂੰ ਕਈ ਕਾਲਾਂ ਕੀਤੀਆਂ ਸਨ। ਐੱਸ. ਆਈ. ਟੀ. ਰਾਹੀਂ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਦੀ ਉਮੀਦ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕੀ ਇਨ੍ਹਾਂ ਗੱਲਬਾਤਾਂ ਦੌਰਾਨ ਕਿਸੇ ਦਬਾਅ, ਸੰਘਰਸ਼ ਜਾਂ ਤਣਾਅ ਨੇ ਕੁਮਾਰ ਦੇ ਖ਼ੁਦਕੁਸ਼ੀ ਕਰਨ ਦੇ ਫ਼ੈਸਲੇ ਨੂੰ ਪ੍ਰਭਾਵਿਤ ਹੋਵੇਗਾ।
ਫਾਰੈਂਸਿਕ ਜਾਂਚ ਲਈ ਲੈਪਟਾਪ ਜ਼ਰੂਰੀ
ਵਾਈ. ਪੂਰਨ ਕੁਮਾਰ ਦੇ ਈਮੇਲ ਰਿਸੀਵਰ ਤੇ ਉਨ੍ਹਾਂ ਨੂੰ ਭੇਜੇ ਜਾਣ ਦੇ ਸੰਦਰਭ ਦੀ ਪਛਾਣ ਕਰਨ ਲਈ ਲੈਪਟਾਪ ਨੂੰ ਜ਼ਰੂਰੀ ਮੰਨਿਆ ਜਾ ਰਿਹਾ ਹੈ। ਲੈਪਟਾਪ ਮਿਲਣ ਤੋਂ ਬਾਅਦ ਫਾਰੈਂਸਿਕ ਮਾਹਰ ਮੌਜੂਦ ਉਂਗਲਾਂ ਦੇ ਨਿਸ਼ਾਨਾਂ ਦੀ ਜਾਂਚ ਕਰਨਗੇ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੀ ਟਾਈਪ ਕੀਤਾ ਗਿਆ ਖ਼ੁਦਕੁਸ਼ੀ ਨੋਟ ਅਸਲ ’ਚ ਵਾਈ. ਪੂਰਨ ਕੁਮਾਰ ਵਲੋਂ ਲਿਖਿਆ ਗਿਆ ਸੀ। ਪਰਿਵਾਰ ਨੇ ਹਾਲੇ ਤੱਕ ਲੈਪਟਾਪ ਪੁਲਸ ਨੂੰ ਨਹੀਂ ਸੌਂਪਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 


author

Babita

Content Editor

Related News