ਬਟਾਲਾ ਵਿਖੇ RSS ਵੱਲੋਂ ਵਿਸ਼ੇਸ਼ ਜਨ ਗੋਸ਼ਠੀ ਦਾ ਆਯੋਜਨ

Saturday, Mar 28, 2026 - 08:00 PM (IST)

ਬਟਾਲਾ ਵਿਖੇ RSS ਵੱਲੋਂ ਵਿਸ਼ੇਸ਼ ਜਨ ਗੋਸ਼ਠੀ ਦਾ ਆਯੋਜਨ

ਬਟਾਲਾ : ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਬਟਾਲਾ ਜ਼ਿਲ੍ਹੇ ਵੱਲੋਂ ਅੱਜ ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਵਿਖੇ ਇੱਕ ਵਿਸ਼ੇਸ਼ ਜਨ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਅਖਿਲ ਭਾਰਤੀ ਸਹਿ ਜਨਰਲ ਸਕੱਤਰ ਅਰੁਣ ਕੁਮਾਰ ਨੇ ਸੰਘ ਦੀ 100 ਸਾਲਾਂ ਦੀ ਯਾਤਰਾ, ਇਸ ਦੇ ਕਾਰਜਾਂ ਤੇ ਉਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਆਪਣੇ ਸੰਬੋਧਨ 'ਚ ਅਰੁਣ ਕੁਮਾਰ ਨੇ ਕਿਹਾ ਕਿ ਭਾਰਤ ਸਦੀਆਂ ਤੋਂ ਇੱਕ ਰਾਸ਼ਟਰ ਰਿਹਾ ਹੈ ਤੇ ਸਾਡੀ ਸਭ ਦੀ ਪਛਾਣ ਹਮੇਸ਼ਾ 'ਭਾਰਤੀ' ਵਜੋਂ ਰਹੀ ਹੈ। ਉਨ੍ਹਾਂ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਵਾਸਕੋ ਡੀ ਗਾਮਾ ਜਾਂ ਸਿਕੰਦਰ ਵਰਗੇ ਵਿਦੇਸ਼ੀ ਭਾਰਤ ਆਏ ਤਾਂ ਉਨ੍ਹਾਂ ਨੇ ਕਿਸੇ ਖਾਸ ਇਲਾਕੇ ਦੀ ਬਜਾਏ 'ਹਿੰਦੁਸਤਾਨ' ਜਾਂ 'ਭਾਰਤ' ਨੂੰ ਜਿੱਤਣ ਦੀ ਗੱਲ ਕਹੀ ਸੀ, ਜੋ ਸਾਡੀ ਅਖੰਡਤਾ ਦਾ ਪ੍ਰਤੀਕ ਹੈ। 

ਸੰਘ ਦੇ ਕੰਮਾਂ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਸੰਘ ਦਾ ਮੁੱਖ ਮਨੋਰਥ 'ਮਨੁੱਖੀ ਘਾੜਤ ਰਾਹੀਂ ਰਾਸ਼ਟਰ ਨਿਰਮਾਣ' (Man Making Nation Building) ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਦੇਸ਼ ਸਿਰਫ਼ ਕੁਝ ਲੋਕਾਂ ਦੇ ਮਹਾਨ ਹੋਣ ਨਾਲ ਮਹਾਨ ਨਹੀਂ ਬਣਦਾ, ਸਗੋਂ ਸਮਾਜਿਕ ਤਬਦੀਲੀ ਸਿਰਫ਼ ਭਾਸ਼ਣਾਂ ਜਾਂ ਸੱਤਾ ਨਾਲ ਨਹੀਂ, ਸਗੋਂ ਜੀਵਨ ਵਿੱਚ ਅਪਣਾਏ ਗਏ ਚੰਗੇ ਵਿਵਹਾਰ ਅਤੇ ਉਦਾਹਰਣਾਂ ਨਾਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸੰਘ ਦੀ ਕਾਰਜਪੱਧਤੀ ਅਨੁਸਾਰ ਅਸੀਂ ਜਿਹੋ ਜਿਹਾ ਸਮਾਜ ਬਣਾਉਣਾ ਚਾਹੁੰਦੇ ਹਾਂ, ਸਾਡਾ ਆਪਣਾ ਜੀਵਨ ਵੀ ਉਹੋ ਜਿਹਾ ਹੋਣਾ ਚਾਹੀਦਾ ਹੈ।

ਅਰੁਣ ਕੁਮਾਰ ਨੇ ਦੱਸਿਆ ਕਿ ਆਜ਼ਾਦੀ ਦੀ ਲੜਾਈ, ਦੇਸ਼ ਦੀ ਵੰਡ ਅਤੇ ਜੰਮੂ-ਕਸ਼ਮੀਰ ਵਿੱਚ ਪ੍ਰਜਾ ਪ੍ਰੀਸ਼ਦ ਦੇ ਅੰਦੋਲਨ ਵਰਗੇ ਔਖੇ ਸਮਿਆਂ ਵਿੱਚ ਸੰਘ ਹਮੇਸ਼ਾ ਸਮਾਜ ਦੇ ਨਾਲ ਖੜ੍ਹਾ ਰਿਹਾ ਹੈ। ਉਨ੍ਹਾਂ ਸੁਚੇਤ ਕੀਤਾ ਕਿ ਭਾਵੇਂ ਦੇਸ਼ ਵਿਰੋਧੀ ਸ਼ਕਤੀਆਂ ਪਰਾਸਤ ਹੋਈਆਂ ਹਨ, ਪਰ ਉਹ ਅਜੇ ਖ਼ਤਮ ਨਹੀਂ ਹੋਈਆਂ ਅਤੇ ਵੱਖ-ਵੱਖ ਤਰੀਕਿਆਂ ਨਾਲ ਵੈਚਾਰਿਕ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। 

ਭਵਿੱਖ ਲਈ ਪੰਜ ਮੁੱਖ ਸੰਕਲਪ
ਉਨ੍ਹਾਂ ਆਉਣ ਵਾਲੇ ਸਮੇਂ ਲਈ ਪੰਜ ਅਹਿਮ ਨੁਕਤਿਆਂ 'ਤੇ ਜ਼ੋਰ ਦਿੱਤਾ, ਜਿਨ੍ਹਾਂ ਨੂੰ ਆਮ ਨਾਗਰਿਕਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
1. ਸਮਾਜਿਕ ਸਦਭਾਵਨਾ
2. ਪਰਿਵਾਰ ਪ੍ਰਬੋਧਨ
3. ਵਾਤਾਵਰਣ ਸੁਰੱਖਿਆ
4. ਸਵਦੇਸ਼ੀ
5. ਨਾਗਰਿਕ ਕਰਤੱਵ

ਪ੍ਰੋਗਰਾਮ 'ਚ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ
ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਡਾ. ਸੁਖਦੀਪ ਸਿੰਘ (ਰਿਟਾਇਰਡ ਐੱਸ.ਐੱਮ.ਓ.) ਤੇ ਪ੍ਰਸਿੱਧ ਉਦਯੋਗਪਤੀ ਸੰਜੀਵ ਅਗਰਵਾਲ ਸ਼ਾਮਲ ਹੋਏ। ਮੰਚ 'ਤੇ ਵਿਭਾਗ ਸੰਘਚਾਲਕ ਅਰੁਣ ਅਗਰਵਾਲ ਅਤੇ ਜ਼ਿਲ੍ਹਾ ਸੰਘਚਾਲਕ ਕ੍ਰਿਸ਼ਨ ਲਾਲ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


author

Baljit Singh

Content Editor

Related News