ਪਹਿਲਾਂ ਨਵੰਬਰ ਅਤੇ ਦਸੰਬਰ ਮਹੀਨੇ ਦੇ ਵਧੇ ਤਾਪਮਾਨ ਨੇ ਤੋੜੇ ਪਿਛਲੇ ਕਈ ਸਾਲਾਂ ਦੇ ਰਿਕਾਰਡ

Thursday, Dec 12, 2024 - 06:21 PM (IST)

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਇਸ ਸਾਲ ਨਵੰਬਰ ਅਤੇ ਦਸੰਬਰ ਮਹੀਨਿਆਂ ਦੌਰਾਨ ਤਾਪਮਾਨ ਵਿੱਚ ਜਿਆਦਾ ਗਿਰਾਵਟ ਨਾ ਆਉਣ ਕਾਰਨ ਜਿੱਥੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਟੁੱਟੇ ਹਨ ਉਸ ਦੇ ਉਲਟ ਹੁਣ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਕੋਹਰੇ ਅਤੇ ਮੈਦਾਨੀ ਇਲਾਕੇ ਵਿੱਚ ਚੱਲ ਰਹੀ ਸ਼ੀਤ ਲਹਿਰ ਨੇ ਠੰਡ ਵਿੱਚ ਇਕਦਮ ਵਾਧਾ ਕਰ ਦਿੱਤਾ ਹੈ। ਗੁਰਦਾਸਪੁਰ ਅੰਦਰ ਕਰੀਬ ਅੱਠ ਕਿਲੋਮੀਟਰ ਪ੍ਰਤ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸ਼ੀਤ ਲਹਿਰ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਦੋ ਦਿਨਾਂ ਵਿੱਚ ਹੀ ਲੋਕ ਪੂਰੇ ਗਰਮ ਕੱਪੜੇ ਪਾਉਣ ਲਈ ਮਜਬੂਰ ਹੋ ਗਏ ਹਨ। ਬੇਸ਼ੱਕ ਦਿਨ ਵੇਲੇ ਮੌਸਮ ਸਾਫ ਰਹਿੰਦਾ ਹੈ ਅਤੇ ਧੁੱਪ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਦੀ ਹੈ। ਪਰ ਰਾਤ ਵੇਲੇ ਅਤੇ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਠੰਡ ਆਪਣਾ ਪੂਰਾ ਪ੍ਰਭਾਵ ਦਿਖਾ ਰਹੀ ਹੈ। ਜੇਕਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਦੇ ਨਵੰਬਰ ਮਹੀਨੇ ਦੌਰਾਨ ਮੌਸਮ ਦੇ ਪ੍ਰਭਾਵ ਦੀ ਤੁਲਨਾ ਕੀਤੀ ਜਾਵੇ ਤਾਂ ਪਿਛਲੇ ਪੰਜ ਸਾਲਾਂ ਦੌਰਾਨ ਨਵੰਬਰ ਦਸੰਬਰ ਮਹੀਨੇ ਦਾ ਤਾਪਮਾਨ ਇਸ ਸਾਲ ਦੇ ਮੁਕਾਬਲੇ ਘੱਟ ਰਿਹਾ ਹੈ ਜਿਸ ਕਾਰਨ ਨਵੰਬਰ ਵਿੱਚ ਹੀ ਲੋਕਾਂ ਨੂੰ ਕਾਫੀ ਠੰਡ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਇਸ ਸਾਲ 12 ਦਸੰਬਰ ਤੱਕ ਲੋਕਾਂ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਠੰਡ ਦਾ ਸਾਹਮਣਾ ਨਹੀਂ ਕਰਨਾ ਪਿਆ। ਇਨ੍ਹਾਂ ਮੌਸਮੀ ਤਬਦੀਲੀਆਂ ਨੇ ਜਿੱਥੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਫਸਲਾਂ ’ਤੇ ਵੀ ਕਈ ਪੱਖ ਤੋਂ ਅਸਰ ਪਾਇਆ ਹੈ। ਖਾਸ ਤੌਰ ’ਤੇ ਕਣਕ ਦੀ ਫਸਲ ’ਤੇ ਹੋਏ ਪੀਲੀ ਸੁੰਡੀ ਦੇ ਹਮਲੇ ਨੂੰ ਵੀ ਮੌਸਮ ਵਿੱਚ ਆਈ ਤਬਦੀਲੀ ਦੇ ਰੂਪ ਵਿੱਚ ਹੀ ਵੇਖਿਆ ਜਾ ਰਿਹਾ ਹੈ ।

ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੰਮ੍ਰਿਤਸਰ ਹਵਾਈ ਅੱਡੇ ਤੋਂ ਇਸ ਤਾਰੀਖ ਨੂੰ ਸ਼ੁਰੂ ਹੋਣਗੀਆਂ ਨਵੀਂਆਂ ਉਡਾਣਾਂ

ਕੀ ਸੀ ਪਿਛਲੇ ਸਾਲਾਂ ਦੀ ਸਥਿਤੀ?

ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2020 ਵਿੱਚ ਨਵੰਬਰ ਮਹੀਨੇ ਦਿਨ ਦਾ ਔਸਤਨ ਤਾਪਮਾਨ 24.9 ਡਿਗਰੀ ਸੈਂਟੀਗ੍ਰੇਡ ਸੀ ਜਦੋਂ ਕਿ ਰਾਤ ਦਾ ਘੱਟ ਤੋਂ ਘੱਟ ਤਾਪਮਾਨ 10.4 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ ਸੀ। ਉਸ ਸਾਲ ਦਸੰਬਰ ਵਿੱਚ ਦਿਨ ਦਾ ਤਾਪਮਾਨ 18.6 ਡਿਗਰੀ ਸੀ ਜਦੋਂ ਕਿ ਰਾਤ ਦਾ ਤਾਪਮਾਨ 7.4 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਸੀ। ਇਸਦੇ ਬਾਅਦ ਸਾਲ 2021 ਦੌਰਾਨ ਨਵੰਬਰ ਮਹੀਨੇ ਦਾ ਔਸਤਨ ਤਾਪਮਾਨ 26.4 ਅਤੇ ਰਾਤ ਦਾ ਘੱਟ ਤੋਂ ਘੱਟ ਤਾਪਮਾਨ 10.2 ਡਿਗਰੀ ਸੀ ਜਦੋਂ ਕਿ ਦਸੰਬਰ 2021 ਵਿੱਚ ਦਿਨ ਦਾ ਔਸਤਨ ਤਾਪਮਾਨ 20.8 ਅਤੇ ਰਾਤ ਦਾ ਤਾਪਮਾਨ 6.5 ਸੀ। ਇਸੇ ਤਰ੍ਹਾਂ 2022 ਦੌਰਾਨ ਨਵੰਬਰ ਮਹੀਨੇ ਵਿੱਚ ਦਿਨ ਦਾ ਤਾਪਮਾਨ 25.5 ਅਤੇ ਰਾਤ ਦਾ ਤਾਪਮਾਨ 11.2 ਡਿਗਰੀ ਅਤੇ ਦਸੰਬਰ ਮਹੀਨੇ ਵਿੱਚ 19.5 ਅਤੇ ਰਾਤ ਦਾ ਤਾਪਮਾਨ 5.6 ਡਿਗਰੀ ਸੈਂਟੀਗ੍ਰੇਡ ਸੀ। ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ 2023 ਦੌਰਾਨ ਨਵੰਬਰ ਮਹੀਨੇ ਦੌਰਾਨ ਦਿਨ ਦਾ ਔਸਤਨ ਤਾਪਮਾਨ 26 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਸੀ ਜਦੋਂ ਕਿ ਰਾਤ ਦਾ ਤਾਪਮਾਨ 12.3 ਡਿਗਰੀ ਦੇ ਕਰੀਬ ਰਿਹਾ ਸੀ। ਇਸੇ ਤਰ੍ਹਾਂ ਦਸੰਬਰ ਮਹੀਨੇ ਵਿੱਚ ਪਿਛਲੇ ਸਾਲ 20 ਡਿਗਰੀ ਤਾਪਮਾਨ ਸੀ ਜਦੋਂ ਕਿ ਰਾਤ ਦਾ ਤਾਪਮਾਨ 7.1 ਡਿਗਰੀ ਦੇ ਕਰੀਬ ਸੀ। ਪਰ ਇਸ ਸਾਲ ਨਵੰਬਰ ਮਹੀਨੇ ਦਾ ਔਸਤਨ ਤਾਪਮਾਨ 27.5 ਡਿਗਰੀ ਦੇ ਕਰੀਬ ਰਿਹਾ ਜਦੋਂ ਕਿ ਰਾਤ ਦਾ ਤਾਪਮਾਨ 12.6 ਡਿਗਰੀ ਸੈਂਟੀਗ੍ਰੇਡ ਸੀ ਜੋ ਕਿ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਸਭ ਤੋਂ ਜਿਆਦਾ ਸੀ। ਇਸੇ ਤਰ੍ਹਾਂ ਇਸ ਸਾਲ ਹੁਣ ਤੱਕ ਦਸੰਬਰ ਮਹੀਨੇ ਦਾ ਔਸਤਨ ਤਾਪਮਾਨ 24 ਡਿਗਰੀ ਦੇ ਕਰੀਬ ਰਿਹਾ ਹੈ ਜਦੋਂ ਕਿ ਰਾਤ ਦਾ ਔਸਤਨ ਤਾਪਮਾਨ 7 ਡਿਗਰੀ ਦੇ ਕਰੀਬ ਹੀ ਰਿਹਾ ਹੈ। ਇਹ ਤਾਪਮਾਨ ਪਿਛਲੇ ਕਈ ਸਾਲਾਂ ਦੇ ਤਾਪਮਾਨ ਤੋਂ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਸ ਹਸਪਤਾਲ 'ਚ ਮਿਲੇਗੀ ਖ਼ਾਸ ਸਹੂਲਤ, ਨਜ਼ਦੀਕੀ ਸੂਬਿਆਂ ਨੂੰ ਵੀ ਹੋਵੇਗਾ ਲਾਭ

ਦਸੰਬਰ ਵਿਚ ਪਵੇਗੀ ਜਨਵਰੀ ਦੇ ਪਹਿਲੇ ਹਫਤੇ ਵਾਲੀ ਸਰਦੀ

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਹੁਣ ਪਹਾੜੀ ਖੇਤਰ ਵਿੱਚ ਬਰਫਬਾਰੀ ਸ਼ੁਰੂ ਹੋ ਗਈ ਹੈ। ਪਰ ਗੁਰਦਾਸਪੁਰ ਅਤੇ ਆਸ ਪਾਸ ਦੇ ਮੈਦਾਨੀ ਖੇਤਰ ਵਿੱਚ ਅਜੇ ਬਾਰਿਸ਼ ਨਹੀਂ ਹੋਈ। ਪਰ ਪਿਛਲੇ ਦੋ ਦਿਨਾਂ ਤੋਂ ਕੋਹਰਾ ਪੈਣਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਨਵੰਬਰ ਮਹੀਨੇ ਵਿੱਚ ਹੀ ਬਾਰਿਸ਼ ਨਾ ਹੋਣ ਕਾਰਨ ਅਸਮਾਨ ਵਿੱਚ ਫੈਲੀ ਸਮੋਗ ਵੀ ਧੁੰਦ ਦਾ ਰੂਪ ਬਣ ਗਈ ਸੀ। ਪਰ ਬਾਅਦ ਵਿੱਚ ਹੋਈ ਬਾਰਿਸ਼ ਕਾਰਨ ਮੌਸਮ ਸਾਫ ਹੋ ਗਿਆ ਸੀ ਅਤੇ ਹੁਣ ਦਸੰਬਰ ਮਹੀਨੇ ਵਿੱਚ ਸੰਘਣੀ ਧੁੰਦ ਦਾ ਕਹਿਰ ਸ਼ੁਰੂ ਨਹੀਂ ਹੋਇਆ । ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਜਿਲਾ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਰੂਪਨਗਰ, ਫਤਿਹਗੜ ਸਾਹਿਬ, ਪਟਿਆਲਾ, ਐਸਐਸ ਨਗਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਬਾਕੀ ਜਿਲ੍ਹਿਆਂ ਵਿੱਚ ਅਜੇ ਇਹ ਅਲਰਟ ਜਾਰੀ ਨਹੀਂ ਕੀਤਾ ਗਿਆ। 72 ਘੰਟਿਆਂ ਤੱਕ ਕੋਈ ਵੀ ਪੱਛਮੀ ਸਿਸਟਮ ਐਕਟਿਵ ਨਹੀਂ ਜਿਸ ਕਾਰਨ ਮੈਦਾਨਾਂ ਵਿੱਚ ਮੌਜੂਦ ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਰਾਜਸਥਾਨ ਦੇ ਹਿੱਸਿਆਂ ਵਿੱਚ ਜਨਵਰੀ ਦੇ ਪਹਿਲੇ ਹਫਤੇ ਵਰਗੀ ਸਰਦੀ ਦਸੰਬਰ ਦੇ ਪਹਿਲੇ 15 ਦਿਨ ਵਿੱਚ ਹੀ ਦੇਖੀ ਜਾਵੇਗੀ। ਮਾਝੇ ਅਤੇ ਪਹਾੜਾਂ ਨਾਲ ਲੱਗਦੇ ਦੁਆਬੇ ਦੇ ਜਿਲਿਆਂ ਹੁਸ਼ਿਆਰਪੁਰ ਆਦਿ ਵਿੱਚ ਰਾਤ ਦਾ ਤਾਪਮਾਨ ਮਾਲਵੇ ਨਾਲੋਂ ਜਿਆਦਾ ਡਿੱਗੇਗਾ। ਇਸ ਦੌਰਾਨ ਰਾਤ ਦਾ ਔਸਤ ਤਾਪਮਾਨ ਪੰਜ ਡਿਗਰੀ ਤੋਂ ਹੇਠਾਂ ਰਹੇਗਾ ਪਰ ਕੁਝ ਥਾਵਾਂ ਤੇ ਕੋਰੇ ਦੀ ਲੇਅਰ ਲੱਗਣ ਕਾਰਨ ਤਾਪਮਾਨ 1 ਡਿਗਰੀ ਵੀ ਡਿੱਗ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ

ਫਸਲਾਂ ’ਤੇ ਪਵੇਗਾ ਕਿਹੋ ਜਿਹਾ ਅਸਰ?

ਠੰਡ ਵਿੱਚ ਹੋ ਰਿਹਾ ਵਾਧਾ ਤੇ ਕੋਹਰਾ ਕਣਕ ਦੀ ਫਸਲ ਲਈ ਲਾਹੇਵੰਦ ਸਿੱਧ ਹੋਵੇਗਾ ਕਿਉਂਕਿ ਇਸ ਨਾਲ ਸਿੱਧੇ ਤੌਰ ’ਤੇ ਗੁਲਾਬੀ ਸੁੰਡੀ ਦਾ ਖਾਤਮਾ ਹੋ ਜਾਵੇਗਾ, ਜਿਸ ਕਾਰਨ ਫਸਲ ਦੇ ਹੋ ਰਹੇ ਨੁਕਸਾਨ ਵਿੱਚ ਖੜੋਤ ਆਵੇਗੀ। ਇਸ ਦੇ ਨਾਲ ਹੀ ਇਸ ਮੌਕੇ ਠੰਡ ਦਾ ਮੌਸਮ ਕਣਕ ਲਈ ਬੇਹੱਦ ਜਰੂਰੀ ਹੋਣ ਕਾਰਨ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਇਹਨਾਂ ਦਿਨਾਂ ਵਿੱਚ ਪੈਣ ਵਾਲੀ ਠੰਡ ਕਣਕ ਦੀ ਫਸਲ ਲਈ ਲਾਹੇਵੰਦ ਹੋਵੇਗੀ। ਪਰ ਬਰਸੀਮ, ਮਟਰ, ਆਲੂ ਅਤੇ ਚਾਰੇ ਵਾਲੀਆਂ ਫਸਲਾਂ ਲਈ ਕੋਹਰਾ ਨੁਕਸਾਨਦੇਹ ਸਿੱਧ ਹੋ ਸਕਦਾ ਹੈ। ਸਬਜ਼ੀਆਂ ਅਤੇ ਫਲ ਵਾਲੇ ਰੁੱਖਾਂ ਨੂੰ ਸਮੇਂ ਤੋਂ ਪਹਿਲਾਂ ਡਿੱਗੇ ਤਾਪਮਾਨ ਵਾਲੀ ਸਰਦੀ ਕਾਰਨ ਨੁਕਸਾਨ ਹੋ ਸਕਦਾ ਹੈ। ਇਸ ਲਈ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਸਲ ਵਿੱਚ ਨਮੀ ਦਾ ਧਿਆਨ ਜ਼ਰੂਰ ਰੱਖਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News