ਸਾਬਕਾ ਫ਼ੌਜੀ ਨਾਲ ਵੱਜੀ 2 ਲੱਖ ਦੀ ਠੱਗੀ; ਕਿਤੇ ਤੁਹਾਨੂੰ ਤਾਂ ਨਹੀਂ ਆਇਆ ਅਜਿਹਾ ਫੋਨ?

12/24/2022 4:22:09 PM

ਗੁਰਦਾਸਪੁਰ (ਜੀਤ ਮਠਾਰੂ) : ਪਿਛਲੇ ਸਮੇਂ ਦੌਰਾਨ ਆਨਲਾਈਨ ਠੱਗੀ ਦੇ ਅਨੇਕਾਂ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਨਾ ਤਾਂ ਲੋਕ ਜਾਗਰੂਕ ਹੋ ਰਹੇ ਹਨ ਅਤੇ ਨਾ ਹੀ ਨੌਸਰਬਾਜਾਂ ਦੀ ਠੱਗੀ ਦੇ ਮਾਮਲੇ ਰੁਕ ਰਹੇ ਹਨ। ਹੁਣ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਸਪੇਨ ਵਿਚ ਰਹਿੰਦੇ ਇਕ ਵਿਅਕਤੀ ਨਾਲ ਇਕ ਠੱਗ ਵਲੋਂ 2 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਸਾਬਕਾ ਫ਼ੌਜੀ ਹੈ ਅਤੇ ਅੱਜ ਕਲ ਸਪੇਨ ਵਿਚ ਰਹਿ ਰਿਹਾ ਹੈ ਜਿਸ ਨੂੰ ਫੋਨ ਕਰ ਕੇ ਇਕ ਵਿਅਕਤੀ ਨੇ ਕਿਹਾ ਕਿ ਉਹ ਉਸ ਦੇ ਦੋਸਤ ਦਾ ਦੋਸਤ ਹੈ ਅਤੇ ਇੰਡੀਆ ਆ ਰਿਹਾ ਹੈ। ਨੌਸਰਬਾਜ ਨੇ ਉਸ ਨੂੰ ਗੱਲਾਂ ਵਿਚ ਉਲਝਾ ਕੇ ਇਹ ਕਿਹਾ ਕਿ ਉਸ ਨੇ ਇੰਡੀਆ ਆਉਣ ਤੋਂ ਪਹਿਲਾਂ 6 ਲੱਖ ਰੁਪਏ ਭੇਜਣੇ ਹਨ, ਇਸ ਲਈ ਉਹ ਉਸ ਨੂੰ ਆਪਣਾ ਬੈਂਕ ਖਾਤਾ ਨੰਬਰ ਦੇਵੇ ਤਾਂ ਜੋ ਉਹ ਪੈਸੇ ਭੇਜ ਸਕੇ ਅਤੇ ਇੰਡੀਆ ਆ ਕੇ ਪੈਸੇ ਲੈ ਲਵੇਗਾ।

ਸੁਰਿੰਦਰ ਸਿੰਘ ਨੇ ਦੱਸਿਆ ਉਕਤ ਵਿਅਕਤੀ ਨੂੰ ਉਸ ਨੇ ਆਪਣੇ ਬੈਂਕ ਦਾ ਖਾਤਾ ਨੰਬਰ ਦੇ ਦਿੱਤਾ ਜਿਸ ਦੇ ਕਰੀਬ ਅੱਧੇ ਘੰਟੇ ਬਾਅਦ ਉਸ ਨੇ ਇਕ ਰਸੀਦ ਭੇਜ ਕੇ ਕਿਹਾ ਕਿ ਉਸ ਨੇ 6 ਲੱਖ ਰੁਪਏ ਉਸ ਦੇ ਖਾਤੇ ਵਿਚ ਪਾ ਦਿੱਤੇ ਹਨ। ਇਸ ਦੇ ਕੁਝ ਹੀ ਸਮੇਂ ਬਾਅਦ ਨੌਸਰਬਾਜ ਨੇ ਉਸ ਨੂੰ ਮੁੜ ਫੋਨ ਕੀਤਾ ਅਤੇ ਕਿਹਾ ਕਿ ਉਸ ਨੇ ਵਾਪਸ ਆਉਣ ਲਈ ਟਿਕਟ ਲੈਣੀ ਹੈ ਜਿਸ ਲਈ ਉਸ ਨੂੰ 2 ਲੱਖ ਰੁਪਏ ਦੀ ਹੁਣੇ ਹੀ ਜ਼ਰੂਰਤ ਹੈ। ਨੌਸਰਬਾਜ ਨੇ ਆਪਣੇ ਬੈਂਕ ਖਾਤੇ ਨੰਬਰ ਦੇ ਕੇ ਤੁਰੰਤ 2 ਲੱਖ ਰੁਪਏ ਉਸ ਵਿਚ ਪਾਉਣ ਲਈ ਕਿਹਾ।

ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਵਿਦੇਸ਼ ਵਿਚ ਸੀ ਜਿਸ ਕਾਰਨ ਪੈਸੇ ਟਰਾਂਸਫਰ ਨਹੀਂ ਕਰ ਸਕਦਾ ਸੀ। ਜਿਸ ਕਾਰਨ ਉਸ ਨੇ ਪੰਜਾਬ ਵਿਚ ਰਹਿੰਦੀ ਆਪਣੀ ਪਤਨੀ ਨੂੰ ਫੋਨ ਕਰ ਕੇ ਉਕਤ ਬੈਂਕ ਖਾਤੇ ਦੇ ਨੰਬਰ ਭੇਜ ਕੇ ਉਨ੍ਹਾਂ ਵਿਚ 2 ਲੱਖ ਰੁਪਏ ਟਰਾਂਸਫਰ ਕਰਨ ਲਈ ਕਿਹਾ ਜਿਸ ’ਤੇ ਉਸ ਦੀ ਪਤਨੀ ਨੇ 2 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਜਦੋਂ ਪੈਸੇ ਟਰਾਂਸਫਰ ਹੋ ਗਏ ਤਾਂ ਨੌਸਰਬਾਜ ਨੇ ਫੋਨ ਚੁੱਕਣੇ ਬੰਦ ਕਰ ਦਿੱਤੇ ਅਤੇ ਬਾਅਦ ਵਿਚ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ ਜਿਸ ਕਾਰਨ ਉਸ ਨੂੰ ਸਮਝ ਆ ਗਈ ਕਿ ਉਸ ਨਾਲ ਠੱਗੀ ਵੱਜੀ ਹੈ।

ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਨੌਸਰਬਾਜ ਨੂੰ ਵੀਡੀਓ ਕਾਲ ਕਰਨ ਲਈ ਵੀ ਕਿਹਾ ਸੀ ਅਤੇ ਉਕਤ ਠੱਗ ਨੇ ਉਸ ਨੂੰ ਵੀਡੀਓ ਕਾਲ ਵੀ ਕੀਤੀ ਸੀ ਜਿਸ ਦੌਰਾਨ ਉਸ ਨੇ ਸਕਰੀਨ ਸ਼ਾਟ ਵੀ ਲਿਆ ਸੀ ਪਰ ਵੀਡੀਓ ਕਾਲ ਮੌਕੇ ਵੀ ਉਸ ਨੂੰ ਸ਼ੱਕ ਤਾਂ ਨਹੀਂ ਪਿਆ ਕਿਉਂਕਿ ਠੱਗ ਇਹੀ ਕਹਿ ਰਿਹਾ ਸੀ ਕਿ ਉਹ ਉਸ ਦੇ ਦੋਸਤ ਦਾ ਦੋਸਤ ਹੈ।

ਸੁਰਿੰਦਰ ਸਿੰਘ ਨੇ ਦੱਸਿਆ ਕਿ ਠੱਗ ਨੇ ਜਿਸ ਨੰਬਰ ਤੋਂ ਫੋਨ ਕੀਤਾ, ਉਹ ਪੋਲੈਂਡ ਦਾ ਦੱਸਿਆ ਜਾ ਰਿਹਾ ਹੈ ਅਤੇ ਉਸ ਵਲੋਂ ਦਿੱਤੇ ਗਏ ਬੈਂਕ ਖਾਤੇ ਐੱਸ.ਬੀ.ਆਈ. ਦੇ ਹਨ ਜੋ ਕ੍ਰਮਵਾਰ ਚੰਦਨ ਕੁਮਾਰ ਅਤੇ ਰਾਹੁਲ ਕੁਮਾਰ ਦੇ ਨਾਂ ’ਤੇ ਹਨ। ਇਸ ਵੱਡੀ ਠੱਗੀ ਕਾਰਨ ਉਸ ਨੇ ਜਿੱਥੇ ਪੁਲਸ ਕੋਲੋਂ ਇਨਸਾਫ਼ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਉਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੇ ਠੱਗਾਂ ਤੋਂ ਸਾਵਧਾਨ ਰਹਿਣ।


Harnek Seechewal

Content Editor

Related News