ਸ਼ਿਓਮੀ ਦੇ ਇਸ ਫੋਨ ਨੇ ਤੋੜੇ ਸਾਰੇ ਰਿਕਾਰਡ, 30 ਦਿਨਾਂ ''ਚ 10 ਲੱਖ ਹੈਂਡਸੈੱਟ ਵੇਚਣ ਦਾ ਦਾਅਵਾ
Tuesday, Jun 27, 2017 - 03:10 PM (IST)

ਜਲੰਧਰ- ਚੀਨੀ ਟੈਕਨਾਲੋਜੀ ਕੰਪਨੀ ਸ਼ਿਓਮੀ ਨੇ ਪਿਛਲੇ ਮਹੀਨੇ ਹੀ ਭਾਰਤ 'ਚ ਆਪਣੇ ਸ਼ਿਓਮੀ ਰੈੱਡਮੀ 4 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਮੰਗਲਵਾਰ ਨੂੰ ਕੰਪਨੀ ਨੇ ਐਲਾਨ ਕੀਤਾ ਕਿ ਉਹ ਭਾਰਤ 'ਚ ਹੁਣ ਤੱਕ 10 ਲੱਖ ਤੋਂ ਜ਼ਿਆਦਾ ਸ਼ਿਓਮੀ ਰੈੱਡਮੀ 4 ਹੈਂਡਸੈੱਟ ਵੇਚਣ 'ਚ ਕਾਮਯਾਬ ਰਹੀ ਹੈ। ਯਾਦ ਰਹੇ ਕਿ ਇਸ ਸਮਾਰਟਫੋਨ ਦੀ ਪਹਿਲੀ ਸੇਲ 23 ਮਈ ਨੂੰ ਮੀ ਡਾਟ ਕਾਮ ਅਤੇ ਐਮਾਜ਼ੋਨ ਇੰਡੀਆ 'ਤੇ ਆਯੋਜਿਤ ਕੀਤੀ ਗਈ ਸ਼ੀ। ਅੰਕੜਿਆਂ ਨੂੰ ਦੇਖ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਸ਼ਿਓਮੀ ਰੈੱਡਮੀ 4 ਨੇ ਸੇਲ ਦੇ ਮਾਮਲੇ 'ਚ ਸ਼ਿਓਮੀ ਰੈੱਡਮੀ ਨੋਟ 4 ਨੂੰ ਵੀ ਪਛਾੜ ਦਿੱਤਾ ਹੈ। ਦਰਅਸਲ, ਇਸ ਹੈਂਡਸੈੱਟ ਦੇ 10 ਲੱਖ ਯੂਨਿਟ ਵੇਚਣ 'ਚ ਕੰਪਨੀ ਨੂੰ 45 ਦਿਨ ਦਾ ਸਮਾਂ ਲੱਗਾ ਸੀ।
23 ਮਈ ਨੂੰ ਆਯੋਜਿਤ ਪਹਿਲੀ ਸੇਲ 'ਚ ਐਮਾਜ਼ੋਨ ਇੰਡੀਆ ਅਤੇ ਕੰਪਨੀ ਦੀ ਆਪਣੀ ਅਧਿਕਾਰਤ ਵੈੱਬਸਾਈਟ ਮੀ ਡਾਟ ਕਾਮ 'ਤੇ ਸਿਰਫ 8 ਮਿੰਟ 'ਚ ਢਾਈ ਲੱਖ ਫੋਨ ਵਿਕ ਗਏ। ਪਿਛਲੇ ਮਹੀਨੇ ਹੀ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਭਾਰਤ 'ਚ ਹੁਣ ਤੱਕ 40 ਲੱਖ ਤੋਂ ਜ਼ਿਆਦਾ ਸ਼ਿਓਮੀ ਰੈੱਡਮੀ 3 ਐੱਸ ਅਤੇ ਸ਼ਿਓਮੀ ਰੈੱਡਮੀ 3 ਐੱਸ ਪ੍ਰਾਈਮ ਸਮਾਰਟਫੋਨ ਵੇਚੇ ਹਨ। ਦਾਅਵਾ ਕੀਤਾ ਗਿਆ ਹੈ ਕਿ ਲਾਂਚ ਕੀਤੇ ਜਾਣ ਦੇ 9 ਮਹੀਨਿਆਂ ਦੇ ਅੰਦਰ ਇਹ ਭਾਰਤ 'ਚ ਸਭ ਤੋਂ ਜ਼ਿਆਦਾ ਆਨਲਾਈਨ ਵਿਕਣ ਵਾਲਾ ਸਮਾਰਟਫੋਨ ਬਣ ਚੁੱਕਾ ਹੈ। ਦੱਸ ਦਈਏ ਕਿ ਸ਼ਿਓਮੀ ਰੈੱਡਮੀ 4 ਕੰਪਨੀ ਦੇ ਲੋਕਪ੍ਰਿਅ ਰੈੱਡਮੀ 3 ਐੱਸ ਦਾ ਅਪਗ੍ਰੇਡ ਹੈ। ਸ਼ਿਓਮੀ ਰੈੱਡਮੀ 4 ਦੇ ਤਿੰਨ ਵੇਰੀਅੰਟ ਪੇਸ਼ ਕੀਤੇ ਗਏ ਸਨ। ਸ਼ੁਰੂਆਤੀ ਮਾਡਲ 2ਜੀ.ਬੀ. ਰੈਮ/16ਜੀ.ਬੀ. ਸਟੋਰੇਜ ਵਾਲਾ ਹੈ ਅਤੇ ਇਸ ਦੀ ਕੀਮਤ 6,999 ਰੁਪਏ ਹੈ। 3ਜੀ.ਬੀ. ਰੈਮ/32ਜੀ.ਬੀ. ਸਟੋਰੇਵ ਵਾਲੇ ਵੇਰੀਅੰਟ ਦੀ ਕੀਮਤ 8,999 ਰੁਪਏ ਹੈ। 10,999 ਰੁਪਏ 'ਚ 4ਜੀ.ਬੀ. ਰੈਮ/64ਜੀ.ਬੀ. ਸਟੋਰੇਜ ਵਾਲਾ ਵੇਰੀਅੰਟ ਮਿਲੇਗਾ।