ਸੁਰੱਖਿਆ ਏਜੰਸੀਆਂ ਦਾ ਦਾਅਵਾ, ਵਟਸਐਪ ਇਨਕ੍ਰਿਪਸ਼ਨ ਫੀਚਰ ਦੇਸ਼ ਦੀ ਸੁਰੱਖਿਆ ਲਈ ਖਤਰਾ
Saturday, Apr 09, 2016 - 05:21 PM (IST)

ਜਲੰਧਰ— ਸੁਰੱਖਿਆ ਏਜੰਸੀਆਂ ਨੇ ਲੋਕਪ੍ਰਿਅ ਮੈਸੇਜਿੰਗ ਐਪ ਵਟਸਐਪ ਵੱਲੋਂ ਪੇਸ਼ ਕੀਤੇ ਗਏ ਇਨਕ੍ਰਿਪਸ਼ਨ ਫੀਚਰ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੇਸ਼-ਵਿਰੋਧੀ ਤਾਕਤਾਂ ਇਸ ਦੀ ਵਰਤੋਂ ਆਪਣੇ ਖਤਰਨਾਕ ਮਨਸੂਬਿਆਂ ਨੂੰ ਅੰਜ਼ਾਮ ਦੇਣ ਲਈ ਕਰ ਸਕਦੀਆਂ ਹਨ।
ਦਰਅਸਲ, ਵਟਸਐਪ ਨੇ ਬੁੱਧਵਾਰ ਨੂੰ ਇਸ ਫੀਚਰ ਨੂੰ ਪੇਸ਼ ਕੀਤਾ ਸੀ। ਨਵੇਂ ਫੀਚਰ ਤਹਿਤ ਹੁਣ ਤੋਂ ਜੋ ਵੀ ਯੂਜ਼ਰ ਲੇਟੈਸਟ ਵਟਸਐਪ ਵਰਜਨ ਦੀ ਵਰਤੋਂ ਕਰੇਗਾ ਉਸ ਵੱਲੋਂ ਕੀਤੀ ਜਾਣ ਵਾਲੀ ਕਾਲ ਸਮੇਤ ਮੈਸੇਜ, ਤਸਵੀਰਾਂ, ਵੀਡੀਓਜ਼, ਫਾਇਲਾਂ ਅਤੇ ਵੁਆਇਸ ਮੈਸੇਜ ਜੋ ਵੀ ਤੁਸੀਂ ਭੇਜੋਗੇ ਉਹ ਪੂਰੀ ਤਰ੍ਹਾਂ ਇਨਕ੍ਰਿਪਟਿਡ ਹੋਣਗੇ। ਇਸ ਵਿਚ ਗਰੁੱਪ ਚੈਟ ਵੀ ਸ਼ਾਮਲ ਹੈ।
ਵਟਸਐਪ ਨੇ ਆਪਣੇ ਸਾਰੇ ਯੂਜ਼ਰਾਂ ਨੂੰ ਇਕ ਲਾਈਨ ''ਚ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿਚ ਲਿਖਿਆ ਹੈ ਕਿ ਚੈਟ ਕਾਲ ''ਤੇ ਤੁਹਾਡੇ ਵੱਲੋਂ ਭੇਜੇ ਜਾ ਰਹੇ ਸਾਰੇ ਮੈਸੇਜ ਪੂਰੀ ਤਰ੍ਹਾਂ ਸਕਿਓਰ ਹਨ। ਇਹ ਪੂਰੀ ਤਰ੍ਹਾਂ ਇਨਕ੍ਰਿਪਟਿਡ ਹਨ।
ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਹ ਫੀਚਰ ਸੁਰੱਖਿਆ ਲਈ ਖਤਰਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ''ਚ ਹਾਲ ਹੀ ''ਚ ਐਪਲ ਅਤੇ ਐੱਫ.ਬੀ.ਆਈ. ਵਿਚਾਲੇ ਕਾਨੂੰਨੀ ਲੜਾਈ ਚੱਲੀ ਸੀ। ਜਿਸ ਵਿਚ ਸੁਰੱਖਿਆ ਏਜੰਸੀ ਦੀ ਮੰਗ ਸੀ ਕਿ ਆਈਫੋਨ ਨਿਰਮਾਤਾ ਕੰਪਨੀ ਮੋਬਾਇਲ ਫੋਨ ਅਨਲਾਕ ਕਰਨ ''ਚ ਉਸ ਦੀ ਮਦਦ ਕਰੇ।
ਭਾਰਤ ''ਚ ਵੀ ਇਸ ਲੋਕਪ੍ਰਿਅ ਮੈਸੇਜਿੰਗ ਐਪ ਦੀ ਵਰਤੋਂ ਜੰਮੂ-ਕਸ਼ਮੀਰ ''ਚ ਵੱਖਵਾਦੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਅਫਵਾਹ ਫੈਲਾਉਣ ਲਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਕਈ ਵਾਰ ਇਨ੍ਹਾਂ ਅਫਵਾਹਾਂ ਕਾਰਨ ਹਿੰਸਾ ਵੀ ਭੜਕੀ ਹੈ।
ਸੁਰੱਖਿਆ ਏਜੰਸੀਆਂ ਇਸ ਬਾਰੇ ਦੂਰਸੰਚਾਰ ਮੰਤਰਾਲੇ ਨਾਲ ਗੱਲ ਕਰਨਗੀਆਂ। ਉਹ ਚਾਹੁੰਦੀਆਂ ਹਨ ਕਿ ਇਸ ਫੀਚਰ ਨੂੰ ਧਿਆਨ ''ਚ ਰੱਖਦੇ ਹੋਏ ਸਾਵਧਾਨੀ ਵਰਤੀ ਜਾਵੇ।