ਟਰੰਪ ਨੇ AI ਕੰਪਨੀਆਂ ਨੂੰ ਸੁਣਾ'ਤਾ ਸਖ਼ਤ ਫਰਮਾਨ ! ਮਾਡਲ ਰਿਲੀਜ਼ ਦੇ 30 ਦਿਨ ਪਹਿਲਾਂ ਕਰਨਾ ਪਵੇਗਾ ਇਹ ਕੰਮ
Thursday, Jun 04, 2026 - 01:13 PM (IST)
ਗੈਜੇਟ ਡੈਸਕ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ 'ਚ ਕੰਮ ਕਰ ਰਹੀਆਂ ਦਿੱਗਜ ਕੰਪਨੀਆਂ ਲਈ ਇਕ ਨਵਾਂ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ। ਇਸ ਨਵੇਂ ਫ਼ਰਮਾਨ ਤਹਿਤ ਹੁਣ OpenAI, ਗੂਗਲ, ਮਾਈਕ੍ਰੋਸਾਫਟ ਅਤੇ ਐਂਥਰੋਪਿਕ ਵਰਗੀਆਂ ਕੰਪਨੀਆਂ ਨੂੰ ਆਪਣੇ ਸਭ ਤੋਂ ਉੱਨਤ AI ਮਾਡਲਾਂ ਨੂੰ ਜਨਤਕ ਕਰਨ ਤੋਂ ਠੀਕ 30 ਦਿਨ ਪਹਿਲਾਂ ਅਮਰੀਕੀ ਸਰਕਾਰ ਨੂੰ ਐਕਸੈਸ ਦੇਣਾ ਹੋਵੇਗਾ।
ਸੁਰੱਖਿਆ ਅਤੇ ਸਾਈਬਰ ਹਮਲਿਆਂ ਤੋਂ ਬਚਾਅ ਲਈ ਲਿਆ ਫੈਸਲਾ
ਸਰਕਾਰ ਦੇ ਇਸ ਕਦਮ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨਵੇਂ AI ਸਿਸਟਮ ਸੁਰੱਖਿਅਤ ਹਨ ਅਤੇ ਇਨ੍ਹਾਂ ਰਾਹੀਂ ਕਿਸੇ ਵੀ ਤਰ੍ਹਾਂ ਦੇ ਸਾਈਬਰ ਹਮਲੇ ਦਾ ਖਤਰਾ ਨਹੀਂ ਹੈ। ਵ੍ਹਾਈਟ ਹਾਊਸ ਮੁਤਾਬਕ, ਇਹ ਇਕ ਸਵੈ-ਇੱਛਤ ਸਹਿਯੋਗ ਹੈ, ਜਿੱਥੇ ਕੰਪਨੀਆਂ ਆਪਣੀ ਮਰਜ਼ੀ ਨਾਲ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰਨ ਦਾ ਵਿਕਲਪ ਚੁਣ ਸਕਦੀਆਂ ਹਨ। ਇਸ ਆਦੇਸ਼ ਰਾਹੀਂ ਸਰਕਾਰ ਨੂੰ AI ਮਾਡਲਾਂ ਦੀ ਸਮਰੱਥਾ ਨੂੰ ਟੈਸਟ ਕਰਨ ਲਈ 30 ਦਿਨਾਂ ਦਾ ਸਮਾਂ ਮਿਲੇਗਾ, ਜਦਕਿ ਪਹਿਲਾਂ ਇਹ ਸਮਾਂ 90 ਦਿਨਾਂ ਦਾ ਹੁੰਦਾ ਸੀ।
ਚੀਨ ਨਾਲ ਮੁਕਾਬਲੇ ਦੀ ਚਿੰਤਾ ਕਾਰਨ ਹੋਈ ਸੀ ਦੇਰੀ
ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੇ ਪਹਿਲਾਂ 20 ਮਈ ਨੂੰ ਇਸ ਆਦੇਸ਼ 'ਤੇ ਦਸਤਖਤ ਕਰਨੇ ਸੀ, ਪਰ ਆਖਰੀ ਮਿੰਟ 'ਤੇ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਟਰੰਪ ਨੂੰ ਚਿੰਤਾ ਸੀ ਕਿ ਅਜਿਹੀਆਂ ਪਾਬੰਦੀਆਂ ਨਾਲ AI ਦੀ ਦੌੜ 'ਚ ਚੀਨ ਦੇ ਮੁਕਾਬਲੇ ਅਮਰੀਕਾ ਪਿੱਛੇ ਰਹਿ ਸਕਦਾ ਹੈ। ਹੁਣ ਨਵੇਂ ਬਦਲਾਅ ਨਾਲ ਇਸ ਨਿਰਦੇਸ਼ ਨੂੰ ਲਾਗੂ ਕਰ ਦਿੱਤਾ ਗਿਆ ਹੈ ਤਾਂ ਜੋ ਅਮਰੀਕੀ ਕੰਪਨੀਆਂ ਦੀ ਮੁਕਾਬਲੇਬਾਜ਼ੀ ਵੀ ਬਣੀ ਰਹੇ ਅਤੇ ਰਾਸ਼ਟਰੀ ਸੁਰੱਖਿਆ ਨਾਲ ਵੀ ਕੋਈ ਸਮਝੌਤਾ ਨਾ ਹੋਵੇ।
